ਇਤਿਹਾਸ ਮੰਗ ਕਰਦਾ ਹੈ ਕਿ ਲੱਦਾਖ ਦੇ ਜੇਤੂ ਮਹਾਰਾਜ ਰਣਜੀਤ ਸਿੰਘ ਦੇ ਜਨਰਲ ਦਾ ਬੁੱਤ ਲਾਇਆ ਜਾਵੇ:- ਕੇਂਦਰੀ ਸਿੰਘ ਸਭਾ

ਚੰਡੀਗੜ੍ਹ

ਚੰਡੀਗੜ੍ਹ, 31 ਦਸੰਬਰ ,ਬੋਲੇ ਪੰਜਾਬ ਬਿਊਰੋ :

ਨੇੜੇ ਦਾ ਇਤਿਹਾਸ ਮੰਗ ਕਰਦਾ ਹੈ ਕਿ ਲੱਦਾਖ ਦੀ ਪੈਂਨਗੌਂਗ ਝੀਲ ਦੇ ਕੰਢੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਜ਼ੋਰਾਵਰ ਸਿੰਘ ਦਾ ਬੁੱਤ ਲਾਇਆ ਜਾਵੇ। ਕਿਉਂਕਿ ਜਨਰਲ ਨੇ 19ਵੀਂ ਸਦੀ ਦੇ ਅੱਧ ਵਿੱਚ ਲੱਦਾਖ ਦੇ ਰਾਜੇ ਸੇਪਾਲ ਨਾਮਗਿਆਲ ਨੂੰ ਹਰਾ ਕੇ ਉਸ ਦੇ ਰਾਜ ਨੂੰ ਜੰਮੂ-ਕਸ਼ਮੀਰ ਦਾ ਹਿੱਸਾ ਬਣਾਇਆ ਸੀ। ਜਨਰਲ ਜੋਰਾਵਰ ਸਿੰਘ ਨੇ ਲੱਦਾਖ ਵੱਲ ਆਪਣੀ ਫੌਜੀ ਮੁਹਿੰਮ 1834 ਵਿੱਚ ਦਰਬਾਰੇ-ਖ਼ਾਲਸਾ ਲਾਹੌਰ ਦੀ ਇਜ਼ਾਜਤ ਨਾਲ ਸ਼ੁਰੂ ਕੀਤੀ ਅਤੇ 1840 ਵਿੱਚ ਲਦਾਖ ਤੇ ਕਬਜ਼ਾ ਕਰ ਲਿਆ।
ਕੁੱਝ ਦਿਨ ਪਹਿਲਾਂ 26 ਦਸੰਬਰ (2024) ਨੂੰ ਭਾਰਤੀ ਫੌਜ ਨੇ ਛੱਤਰਪਤੀ ਸ਼ਿਵਾਜੀ ਮਰਹੱਟਾ ਦਾ ਬੁੱਤ ਝੀਲ ਦੇ ਕੰਢੇ ਸਮੁੰਦਰ ਦੇ ਤਲ ਤੋਂ 14300 ਫੁੱਟ ਦੀ ਉਚਾਈ ਉੱਤੇ ਸਥਾਪਤ ਕੀਤਾ ਹੈ। ਸ਼ਿਵਾਜੀ ਦੇ ਬੁੱਤ ਦਾ ਸਥਾਨਕ ਲੀਡਰਾਂ ਨੇ ਵੀ ਵਿਰੋਧ ਕੀਤਾ ਹੈ। ਲੱਦਾਖ ਦੇ ਕੌਂਸਲਰ ਕੌਨਚੌਕ ਸਤਾਨਜਿਨ ਨੇ ਕਿਹਾ, “ਸ਼ਿਵਾਜੀ ਦੇ ਬੁੱਤ ਦੀ ਇੱਥੇ ਕੋਈ ਇਤਿਹਾਸਕ/ਸਥਾਨਕ ਪ੍ਰਗੰਸਤਾ ਨਹੀਂ ਹੈ। ਬੁੱਤ ਲਾਉਣ ਸਮੇਂ ਸਥਾਨਕ ਸੱਭਿਆਚਾਰ, ਵਾਤਾਵਰਨ ਅਤੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ।
ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਨਾਗਰਿਕਾਂ, ਨੇ ਡੋਗਰਾ ਬਰਾਦਰੀ ਨਾਲ ਸਬੰਧਤ ਜਨਰਲ ਜ਼ੋਰਾਵਰ ਸਿੰਘ ਦੇ ਬੁੱਤ ਨੂੰ ਲੱਦਾਖ ਵਿੱਚ ਲਾਉਣ ਦੀ ਮੰਗ ਕੀਤੀ ਹੈ, ਕਿਉਂਕਿ ਜਨਰਲ ਨੇ ਜੰਮੂ ਦੀ ਡੋਗਰਾ ਫੌਜ ਦੀ ਅਗਵਾਈ ਕਰਦਿਆਂ ਲੱਦਾਖ ਉੱਤੇ ਫਤਹਿ ਪਾਈ ਸੀ। ਖ਼ਾਲਸਾ ਫੌਜ ਦੇ 1846 ਵਿੱਚ ਅੰਗਰੇਜ਼ਾਂ ਹੱਥੋਂ ਹਾਰ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਸੰਧੀ ਵੇਲੇ ਲੱਦਾਖ ਨੂੰ ਰਾਜਾ ਗੁਲਾਬ ਸਿੰਘ ਦੇ ਜੰਮੂ-ਕਸ਼ਮੀਰ ਰਾਜ ਵਿੱਚ ਮਿਲਾ ਦਿੱਤਾ।
ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਰਾਜ-ਭਾਗ ਸਮੇਂ ਜਦੋਂ ਚੀਨ ਨਾਲ ਭਾਰਤ ਦੀ ਸਰਹੱਦ ਨਿਰਧਾਰਤ ਕਰਨ ਦਾ ਮੁੱਦਾ ਉਠਿਆ ਤਾਂ ਚੀਨੀ ਸਰਕਾਰ ਨੇ ਕਿਹਾ, ਉਹਨਾਂ ਦੇ ਕਬਜ਼ੇ ਵਾਲੇ ਤਿੱਬਤ ਨਾਲ ਭਾਰਤ ਦੀ ਕੋਈ ਸਰਹੱਦ ਨਹੀਂ ਲਗਦੀ। ਤਿੱਬਤ(ਚੀਨ) ਦੀ ਸਰਹੱਦ ਤਾਂ ਦਸਤਾਵੇਜ਼ੀ ਤੱਥਾਂ ਮੁਤਾਬਿਕ ਦਰਬਾਰ-ਏ- ਖ਼ਾਲਸਾ ਲਾਹੌਰ ਨਾਲ ਲਗਦੀ ਹੈ। ਸਰਹੱਦ ਦਾ ਅਖੀਰਲਾ ਸਮਝੌਤਾ ਵੀ ਲਾਹੌਰ ਦਰਬਾਰ ਨਾਲ ਹੀ ਹੋਇਆ ਸੀ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਦੁੱਖ ਪ੍ਰਗਟ ਕੀਤਾ ਕਿ ਭਾਰਤ ਸਿੱਖਾਂ ਵੱਲੋਂ ਕੀਤੀਆਂ ਅਹਿਮ ਫੌਜੀ ਕੁਰਬਾਨੀਆਂ/ਕਾਰਵਾਈਆਂ ਨੂੰ ਮਿਟਾ ਦੇਣਾ ਚਾਹੁੰਦੀ ਹੈ। 1971 ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਮਹਣੇ ਭਾਰਤੀ ਫੌਜ ਅੱਗੇ ਪਾਕਿਸਤਾਨੀ ਕਮਾਂਡਰ ਜਨਰਲ ਨਿਆਜ਼ੀ ਵੱਲੋਂ ਆਪਣੀ ਫੌਜ ਦਾ ਰਸਮੀ ਆਤਮ-ਸਮਰਪਣ ਕਰਦੇ ਹੋਇਆ ਦੀ ਇਤਿਹਾਸਕ ਪੇਂਟਿੰਗ ਵੀ ਭਾਰਤੀ ਫੌਜ ਦੇ ਮੁੱਖੀ ਦੇ ਦਫ਼ਤਰ ਵਿੱਚੋਂ ਥੋੜ੍ਹਾ ਸਮਾਂ ਪਹਿਲਾ ਉਤਾਰ ਦਿੱਤੀ ਗਈ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਕਿ ਉਸ ਇਤਿਹਾਸਕ ਫ਼ੋਟੋ ਨੂੰ ਮੁੜ ਪਹਿਲਾਂ ਵਾਲੀ ਥਾਂ ਉੱਤੇ ਸਥਾਪਤ ਕੀਤਾ ਜਾਵੇ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।