ਬਠਿੰਡਾ, 30 ਦਸੰਬਰ,ਬੋਲੇ ਪੰਜਾਬ ਬਿਊਰੋ :
ਬਠਿੰਡਾ-ਬਾਦਲ ਰੋਡ ਉੱਤੇ ਪਿੰਡ ਚੱਕ ਅਤਰ ਸਿੰਘ ਵਾਲਾ ਵਿੱਖੇ ਇੱਕ 15 ਸਾਲ ਦੀ ਕੁੜੀ ਦੀ ਮੌਤ ਹੋਣ ਦੀ ਸੁਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਦਿਨ ਪਹਿਲਾਂ ਗਾਇਬ ਹੋਈ ਲੜਕੀ ਦੀ ਲਾਸ਼ ਅੱਜ ਉਸਦੇ ਘਰ ਦੇ ਪਿੱਛੇ ਬਣਾਈ ਗਈ ਪਾਣੀ ਦੀ ਟੈਂਕੀ ਤੋਂ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਆਸ-ਪਾਸ ਦੇ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਕੁੜੀ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਮੱਨੂ ਕੌਰ (15) ਪੁੱਤਰੀ ਸੁਖਪਾਲ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਵਜੋਂ ਹੋਈ ਹੈ। ਲੜਕੀ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਪੋਸਟਮਾਰਟਮ ਤੋਂ ਬਾਅਦ ਹੀ ਮਿਲ ਸਕੇਗੀ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਪਿੱਛੇ ਲਗਭਗ 10 ਫੁੱਟ ਡੂੰਘਾ ਪਾਣੀ ਸਟੋਰੇਜ ਲਈ ਟੈਂਕ ਬਣਾਇਆ ਗਿਆ ਸੀ। ਉਸੇ ਟੈਂਕ ਵਿੱਚੋਂ ਉਹਨਾਂ ਦੀ ਲੜਕੀ ਦੀ ਲਾਸ਼ ਮਿਲੀ ਹੈ।
ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਮਨੂ ਕੌਰ ਦੇ ਪਿਤਾ ਨੇ 26 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਬੇਟੀ 25 ਦਸੰਬਰ ਨੂੰ ਬਿਨਾ ਦੱਸੇ ਘਰੋਂ ਚਲੀ ਗਈ ਸੀ। ਇਸ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਉਸ ਦੀ ਭਾਲ ਵਿੱਚ ਲੱਗੇ ਹੋਏ ਸਨ। ਇਸ ਦੌਰਾਨ ਲੜਕੀ ਦੀ ਲਾਸ਼ ਘਰ ਦੇ ਪਿੱਛੇ ਬਣੇ ਪਾਣੀ ਦੇ ਟੈਂਕ ਵਿੱਚੋਂ ਬਰਾਮਦ ਹੋਈ ਹੈ। ਮਾਮਲੇ ਦੀ ਬਾਰਿਕੀ ਨਾਲ ਜਾਂਚ ਜਾਰੀ ਹੈ।