ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫਾ ਦੇਵੇ,ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ

ਪੰਜਾਬ

30 ਦਸੰਬਰ ਮਾਨਸਾ,ਬੋਲੇ ਪੰਜਾਬ ਬਿਊਰੋ :

ਅੱਜ ਖੱਬੇ ਪੱਖੀ ਪਾਰਟੀਆਂ ਵਲੋਂ ਦੇਸ਼ ਪੱਧਰੀ ਸੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 17 ਨਵੰਬਰ ਨੂੰ ਸੰਸਦ ਵਿੱਚ ਚਲਦੇ ਸੈਸ਼ਨ ਦੌਰਾਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤਣ ਖ਼ਿਲਾਫ਼ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਪੰਜਾਬ ਇੰਚਾਰਜ ਕਾਮਰੇਡ ਪੁਰੂਸੋ਼ਤਮ ਸ਼ਰਮਾ ਅਤੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਸੰਸਦ ਵਿੱਚ ਬੋਲੇ ਗਏ ਸ਼ਬਦ ਅਚਾਨਕ ਹੀ ਮੂੰਹੋਂ ਨਹੀਂ ਨਿਕਲੇ ਸਗੋਂ ਸੰਵਿਧਾਨ ਦੇ ਖਾਤਮੇ ਲਈ ਘੜੀ ਗਈ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹਨ। ਬੀਜੇਪੀ ਨੂੰ ਭਾਰਤੀ ਸੰਵਿਧਾਨ ਫੁੱਟੀ ਅੱਖ ਵੀ ਨਹੀਂ ਭਾਉਂਦਾ, ਸਗੋਂ ਮਨੂੰ ਸਮ੍ਰਿਤੀ ਨੂੰ ਲਾਗੂ ਕਰਨ ਲਈ ਇਛੁੱਕ ਹੈ। ਇਤਿਹਾਸ ਗਵਾਹ ਹੈ ਕਿ 1950 ਵਿੱਚ ਜਦੋਂ ਸੰਵਿਧਾਨ ਲਾਗੂ ਹੋ ਰਿਹਾ ਸੀ ਤਾਂ ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਨੇ ਸੰਵਿਧਾਨ ਦੀਆਂ ਕਾਪੀਆਂ ਅਤੇ ਰਾਸ਼ਟਰੀ ਝੰਡੇ ਸਹਿਤ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਜਵਾਹਰ ਲਾਲ ਨਹਿਰੂ ਦੇ ਪੁਤਲੇ ਫੂਕੇ ਸਨ। ਬੀਜੇਪੀ ਦੇ 11 ਸਾਲਾਂ ਦੇ ਕਾਰਜਕਾਲ ਵਿੱਚ ਸੰਵਿਧਾਨ ਅਤੇ ਲੋਕਤੰਤਰ ਉੱਪਰ ਹਮਲੇ ਜਾਰੀ ਹਨ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ 142 ਕਰੋੜ ਭਾਰਤੀਆਂ ਦਾ ਅਪਮਾਨ ਹੈ,ਜ਼ੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨਯੋਗ ਨਹੀਂ ਹੈ। ਆਗੂਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਅਸਤੀਫਾ ਨਾਂ ਦੇਣ ਦੀ ਸੂਰਤ ਵਿੱਚ ਅੰਦੋਲਨ ਨੂੰ ਤਿੱਖਾ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਗਗਨਦੀਪ ਸਿੰਘ ਸਿਰਸੀਵਾਲਾ ਨੇ ਬਾਖੂਬੀ ਨਿਭਾਈ।ਇਸ ਮੌਕੇ ਭਾਰਤ ਮੁਕਤੀ ਮੋਰਚਾ ਵੱਲੋਂ ਜਸਵੰਤ ਸਿੰਘ ਮਾਨਸਾ,ਸੁਰਿੰਦਰ ਸਿੰਘ ਮਾਨਸਾ,ਓਬੀਸੀ ਫੈਡਰੇਸ਼ਨ ਵੱਲੋਂ ਕੇਵਲ ਸਿੰਘ,ਜਗਰਾਜ ਸਿੰਘ ਰੱਲਾ,ਮੇਜਰ ਸਿੰਘ ਦੂਲੋਵਾਲ,ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜੈਬ ਸਿੰਘ ਗੁਰੂ,ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਿੰਦਰਪਾਲ ਸ਼ਰਮਾ,ਜਸਵੀਰ ਕੌਰ ਨੱਤ,ਆਇਸਾ ਵੱਲੋਂ ਸੁਖਜੀਤ ਰਾਮਾਨੰਦੀ,ਮਜਦੂਰ ਮੁਕਤੀ ਮੋਰਚਾ ਪੰਜਾਬ(ਲਿਬਰੇਸ਼ਨ)ਵੱਲੋਂ ਗੁਰਸੇਵਕ ਸਿੰਘ ਮਾਨ,ਮਨਜੀਤ ਸਿੰਘ ਮੀਹਾਂ,ਦੋਧੀ ਯੂਨੀਅਨ ਵੱਲੋਂ ਸੱਤਪਾਲ ਭੈਣੀ, ਮੁਸਲਿਮ ਫਰੰਟ ਵੱਲੋਂ ਰਵੀ ਖਾਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।