ਚੰਡੀਗੜ੍ਹ, 29 ਦਸੰਬਰ,ਬੋਲੇ ਪੰਜਾਬ ਬਿਊਰੋ :
ਯੂਪੀ ਦੇ ਪੀਲੀਭੀਤ ਮੁਕਾਬਲੇ ਵਿਚ ਮਾਰੇ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਯੂਪੀ ਸਰਕਾਰ ਨਾਲ ਸੰਪਰਕ ਕਰ ਕੇ ਇਸ ਮਾਮਲੇ ਦੀ ਉਚ ਪਧਰੀ ਜਾਂਚ ਕਰਵਾਈ ਜਾਵੇ, ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।
ਦੂਜੇ ਪਾਸੇ ਯੂਪੀ ਵਿਚ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।ਮਾਮਲੇ ਦੀ ਜਾਂਚ ਕਰ ਰਹੇ ਡੀ.ਐਮ ਸੰਜੇ ਕੁਮਾਰ ਨੇ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨੂੰ ਬਿਆਨ ਦਰਜ ਕਰਨ ਲਈ 15 ਦਿਨਾਂ ਦਾ ਸਮਾਂ ਦਿਤਾ ਹੈ। ਇਸ ਤੋਂ ਇਲਾਵਾ ਜੇ ਕਿਸੇ ਹੋਰ ਵਿਅਕਤੀ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਵੀ 3 ਜਨਵਰੀ ਤਕ ਅਪਣਾ ਬਿਆਨ ਦਰਜ ਕਰਵਾ ਸਕਦਾ ਹੈ।
ਮੁਕਾਬਲੇ ‘ਚ ਮਾਰੇ ਗਏ ਤਿੰਨ ਨੌਜਵਾਨ ਗੁਰਦਾਸਪੁਰ ‘ਚ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਸਨ। ਹਮਲੇ ਤੋਂ ਬਾਅਦ ਤਿੰਨੇ ਪੰਜਾਬ ਤੋਂ ਭੱਜ ਕੇ ਯੂਪੀ ਦੇ ਪੀਲੀਭੀਤ ਚਲੇ ਗਏ। ਪੰਜਾਬ ਪੁਲਿਸ ਨੇ ਪੀਲੀਭੀਤ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਹ ਮੁਲਜ਼ਮ ਉਨ੍ਹਾਂ ਦੇ ਖੇਤਰ ’ਚ ਲੁਕੇ ਹੋਏ ਹਨ। ਇਸ ਮੁਕਾਬਲੇ ਦੌਰਾਨ ਪੁਲਿਸ ਨੇ ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਨੂੰ ਮਾਰ ਮੁਕਾਇਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਏਕੇ-47 ਰਾਈਫ਼ਲਾਂ ਅਤੇ ਦੋ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਸਨ।ਯੂਪੀ ਪੁਲਿਸ ਐਨਕਾਊਂਟਰ ਮਾਮਲੇ ਦੀ ਜਾਂਚ ਕਰ ਰਹੀ ਹੈ।