ਪੰਚਤੱਤ ’ਚ ਵਿਲੀਨ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਧੀ ਨੇ ਦਿੱਤੀ ਮੁੱਖ ਅਗਨੀ 

ਨੈਸ਼ਨਲ

ਨਵੀਂ ਦਿੱਲੀ, 28 ਦਸੰਬਰ ,ਬੋਲੇ ਪੰਜਾਬ ਬਿਊਰੋ :

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ, ਪੂਰੇ ਫੌਜੀ ਸਨਮਾਨਾਂ ਅਤੇ ਸਿੱਖ ਰਵਾਇਤਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਡਾ. ਸਿੰਘ ਦੀ ਵੱਡੀ ਬੇਟੀ ਉਪਿੰਦਰ ਕੌਰ ਨੇ ਉਨ੍ਹਾਂ ਦੀ ਚਿਖਾ ਨੂੰ ਅਗਨ ਭੇਟ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਸਿੱਖ ਧਰਮ ਗੁਰੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਗੁਰਬਾਣੀ ਦਾ ਪਾਠ ਕੀਤਾ।

ਨਿਗਮ ਬੋਧ ਘਾਟ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਭੂਟਾਨ ਦੇ ਨਰੇਸ਼ ਜਿਗਮੇ ਖੇਸਰ ਨਾਮਗਾਇਲ ਵਾਂਗਚੁਕ, ਮਾਰੀਸ਼ਸ ਦੇ ਵਿਦੇਸ਼ ਮੰਤਰੀ ਧਨੰਜੇ ਰਾਮਫੁਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ, ਦਿੱਲੀ ਦੇ ਉਪ ਰਾਜਪਾਲ ਵੀ.ਕੇ ਸਕਸੈਨਾ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਸਦ ਮੈਂਬਰ ਪ੍ਰਿਅੰਕਾ ਗਾਂਧੀ, ਤਿੰਨੋਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਸੀਡੀਐਸ ਜਨਰਲ ਅਨਿਲ ਚੌਹਾਨ ਵੀ ਮੌਜੂਦ ਸਨ। ਕਈ ਕੇਂਦਰੀ ਮੰਤਰੀ, ਡਿਪਲੋਮੈਟ ਅਤੇ ਹੋਰ ਪਤਵੰਤੇ ਵੀ ਆਪਣੇ ਪਿਆਰੇ ਨੇਤਾ ਨੂੰ ਵਿਦਾਇਗੀ ਦੇਣ ਪਹੁੰਚੇ। ਸਾਰਿਆਂ ਨੇ ਸ਼ਰਧਾਂਜਲੀ ਭੇਟ ਕੀਤੀ।ਸਿੰਘ ਦੇ ਅੰਤਿਮ ਸੰਸਕਾਰ ’ਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ, ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਈ ਸਾਬਕਾ ਕੇਂਦਰੀ ਮੰਤਰੀ ਵੀ ਸ਼ਮੂਲੀਅਤ ਕਰਨ ਲਈ ਨਿਗਮ ਬੋਧ ਘਾਟ ਪਹੁੰਚੇ।ਇਸ ਤੋਂ ਪਹਿਲਾਂ ਉਨ੍ਹਾਂ ਦੀ ਅੰਤਿਮ ਯਾਤਰਾ ਕਾਂਗਰਸ ਹੈੱਡਕੁਆਰਟਰ 24 ਅਕਬਰ ਰੋਡ, ਨਵੀਂ ਦਿੱਲੀ ਤੋਂ ਨਿਗਮਬੋਧ ਘਾਟ ਤੱਕ ਨਿਕਲੀ। ਪਾਰਟੀ ਆਗੂਆਂ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਏ ਵਾਹਨ ‘ਤੇ ਰੱਖਿਆ ਗਿਆ। ਉਨ੍ਹਾਂ ਦੇ ਨਾਲ ਚੱਲ ਰਹੇ ਲੋਕਾਂ ਨੇ ਕਾਂਗਰਸ ਹੈੱਡਕੁਆਰਟਰ ਤੋਂ ਬਾਹਰ ਨਿਕਲਦੇ ਹੀ ਰਾਸਤੇ ਵਿੱਚ ‘‘ਮਨਮੋਹਨ ਸਿੰਘ ਅਮਰ ਰਹੇਂ’’ ਦੇ ਨਾਅਰੇ ਲਾਏ। ਇਸ ਦੌਰਾਨ ‘ਜਬ ਤਕ ਸੂਰਜ ਚਾਂਦ ਰਹੇਗਾ, ਤਬ ਤਕ ਤੇਰਾ ਨਾਮ ਰਹੇਗਾ’ ਦੇ ਨਾਅਰੇ ਵੀ ਗੂੰਜੇ। ਸਿੰਘ ਦੀ ਦੇਹ ਅੱਜ ਸਵੇਰੇ 9 ਵਜੇ ਤੋਂ ਕੁਝ ਦੇਰ ਪਹਿਲਾਂ ਉਨ੍ਹਾਂ ਦੀ ਰਿਹਾਇਸ਼ 3 ਮੋਤੀ ਲਾਲ ਨਹਿਰੂ ਰੋਡ ਤੋਂ ਏ.ਆਈ.ਸੀ.ਸੀ. ਹੈੱਡਕੁਆਰਟਰ ਲਿਆਂਦੀ ਗਈ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਉਮਰ ਨਾਲ ਸਬੰਧਤ ਮੈਡੀਕਲ ਪੇਚੀਦਗੀਆਂ ਕਾਰਨ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਸਿੰਘ 2004 ਤੋਂ 2014 ਦਰਮਿਆਨ 10 ਸਾਲ ਪ੍ਰਧਾਨ ਮੰਤਰੀ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦੇਸ਼ ਭਰ ਵਿੱਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।