ਜਲੰਧਰ, 28 ਦਸੰਬਰ,ਬੋਲੇ ਪੰਜਾਬ ਬਿਊਰੋ :
ਜਲੰਧਰ ਵਿੱਚ ਬੰਦੂਕ ਦੀ ਨੋਕ ‘ਤੇ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਗੁਰੂ ਅਮਰਦਾਸ ਨਗਰ ਐਕਸਟੇਂਸ਼ਨ ਵਿੱਚ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਜੁਐਲਰ ਦੀ ਦੁਕਾਨ ਵਿੱਚ ਵੜੇ ਅਤੇ ਮਾਲਕ ਨੂੰ ਬੰਦੂਕ ਦੀ ਨੋਕ ‘ਤੇ ਲੈ ਕੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ।
ਇਹ ਘਟਨਾ ਜੇਐਮਡੀ ਜੁਵੇਲਰਜ਼ ਅਤੇ ਪ੍ਰਾਪਰਟੀ ਡੀਲਰ ਦੇ ਇੱਥੇ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ ਪੰਜ ਸੀ ਜਿਨ੍ਹਾਂ ਨੇ ਮੂੰਹ ’ਤੇ ਨਕਾਬ ਪਾਇਆ ਹੋਇਆ ਸੀ। ਲੁਟੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਅਤੇ ਨਕਦ ਰਕਮ ਲੈ ਗਏ ਜਦਕਿ ਦੁਕਾਨ ਦੇ ਮਾਲਕ ਨੂੰ ਵੀ ਕੁੱਟਿਆ। ਲੁੱਟ ਲਗਭਗ ਪੰਜ ਲੱਖ ਰੁਪਏ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਲੁਟੇਰੇ ਆਪਣੇ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਫਰਾਰ ਹੋ ਗਏ।
ਦੁਕਾਨ ਦੇ ਮਾਲਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੌਣੇ ਅੱਠ ਵਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ ਇੱਕ ਦੀ ਪੁਲਿਸ ਅਤੇ ਹੋਰ ਟੀਮਾਂ ਜਾਂਚ ਲਈ ਮੌਕੇ ’ਤੇ ਪਹੁੰਚ ਗਈਆਂ ਹਨ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਫਿਲਹਾਲ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।