ਦੀਨਾਨਗਰ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਇੱਕ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਇਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਦੀਨਾਨਗਰ ਸ਼ਹਿਰ ਦੇ ਅਵਾਂਖਾ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਦੀ ਹੈ, ਜਿੱਥੇ ਬਾਥਰੂਮ ਵਿੱਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਦੇ ਮੁਤਾਬਕ, ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੀਨਾਨਗਰ ਤੋਂ ਬਹਿਰਾਮਪੁਰ ਵਾਲੀ ਸਾਈਡ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਅਵਾਂਖਾ ਦੇ ਨੇੜੇ ਪਹੁੰਚਿਆ ਤਾਂ ਉਸਨੇ ਪੈਟਰੋਲ ਪੰਪ ’ਤੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਅਚਾਨਕ ਬਾਥਰੂਮ ਵਿੱਚ ਦਾਖਲ ਹੋ ਗਿਆ।
ਲਗਭਗ ਅੱਧੇ ਘੰਟੇ ਤਕ ਜਦ ਨੌਜਵਾਨ ਬਾਥਰੂਮ ਤੋਂ ਬਾਹਰ ਨਹੀਂ ਆਇਆ ਤਾਂ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ, ਪਰ ਜਦ ਦਰਵਾਜ਼ਾ ਨਹੀਂ ਖੁਲਿਆ, ਤਾਂ ਕਰਮਚਾਰੀਆਂ ਨੇ ਖਿੜਕੀ ਰਾਹੀਂ ਅੰਦਰ ਵੇਖਿਆ। ਅੰਦਰ ਨੌਜਵਾਨ ਡਿੱਗਿਆ ਪਿਆ ਸੀ। ਜਦ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਦੀਨਾਨਗਰ ਪੁਲਿਸ ਨੂੰ ਦਿੱਤੀ। ਪੁਲਿਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿੱਚੋਂ ਇਕ ਕਾਗਜ਼ ਮਿਲਿਆ, ਜਿਸ ’ਤੇ ਜਗਮੀਤ ਸਿੰਘ (25) ਪੁੱਤਰ ਸੁਲੱਖਣ ਸਿੰਘ ਪਿੰਡ ਨਡਾਲਾ ਡਾਕਘਰ ਦੋਰਾਂਗਲਾ ਲਿਖਿਆ ਹੋਇਆ ਸੀ।
ਉੱਧਰ, ਜਦ ਇਸ ਸਬੰਧੀ ਦੀਨਾਨਗਰ ਦੇ ਪੁਲਿਸ ਮੁਖੀ ਅਜਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।