ਬਠਿੰਡਾ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਨੌਕਰੀ ਤੋਂ ਅਸਤੀਫਾ ਦੇ ਚੁੱਕੀ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਨੇ ਪੈਨਸ਼ਨ ਅਤੇ ਹੋਰ ਲਾਭ ਲੈਣ ਲਈ ਹੁਣ ਕੇਂਦਰੀ ਪ੍ਰਸ਼ਾਸ਼ਕੀ ਟ੍ਰਿਬਿਊਨਲ (ਕੈਟ) ਦਾ ਬੂਹਾ ਖੜਕਾਇਆ ਹੈ। ਉਨ੍ਹਾਂ ਕੈਟ ਨੂੰ ਭੇਜੇ ਲਿਖਤੀ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਆਪਣਾ ਅਸਤੀਫਾ ਪੰਜਾਬ ਸਰਕਾਰ ਦੇ ਦਬਾਅ ਹੇਠ ਦਿੱਤਾ ਸੀ। ਉਨ੍ਹਾਂ ਖੁਦ ਨੂੰ ਪੈਨਸ਼ਨ ਅਤੇ ਹੋਰ ਬਣਦੇ ਲਾਭ ਲੈਣ ਦੀ ਹੱਕਦਾਰ ਦੱਸਿਆ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦਾ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਆਈਏਐੱਸ. ਅਫਸਰਾਂ ਦੀਆਂ ਨਿਯੁਕਤੀਆਂ ਕਰਦਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀਆਂ ਵੱਖ-ਵੱਖ ਸੂਬਿਆਂ ’ਚ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਪਰ ਜੇਕਰ ਸੂਬਿਆਂ ਵੱਲੋਂ ਅਜਿਹੇ ਅਧਿਕਾਰੀਆਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਜਾਂਦੇ ਤਾਂ ਕੇਂਦਰ ਸਰਕਾਰ ਕੋਲ ਅਸਤੀਫ਼ੇ ਪ੍ਰਵਾਨ ਕਰਨ ਦੇ ਅਧਿਕਾਰ ਹਨ।
ਦੱਸਣਯੋਗ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਪਾਲ ਕੌਰ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ’ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਸਬੰਧੀ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਉਨ੍ਹਾਂ ਪੈਨਸ਼ਨ ਤੇ ਹੋਰ ਲਾਭ ਲੈਣ ਲਈ ਕੈਟ ਕੋਲ ਪਹੁੰਚ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੇ ਸਾਲ 2024 ਦੀ ਲੋਕ ਸਭਾ ਚੋਣ ਬਠਿੰਡਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਲੜੀ ਸੀ।