ਤਰਨਤਾਰਨ, 26 ਦਸੰਬਰ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਜੰਡਿਆਲਾ ਬਾਈਪਾਸ ਚੌਕ ਨੇੜੇ ਸਵੇਰੇ ਇਕ ਟਰੱਕ ਹੇਠ ਆਉਣ ਨਾਲ ਲੜਕੀ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜੇ ’ਚ ਲੈ ਲਿਆ ਤੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਰਜਵੰਤ ਕੌਰ (22) ਪੁੱਤਰੀ ਗੁਰਮੀਤ ਸਿੰਘ ਆਪਣੇ ਘਰ ਤੋਂ ਆਈ ਟੀ ਆਈ ਜਾਂਦੇ ਸਮੇਂ ਜੰਡਿਆਲਾ ਬਾਈਪਾਸ ਚੌਕ ਪਾਰ ਕਰ ਰਹੀ ਸੀ ਤਾਂ ਉਸੇ ਸਮੇਂ ਆਚਨਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਰਜਵੰਤ ਕੌਰ ਕਾਲਜ ‘ਚ ਕੋਸਮੈਟੋਲੋਜੀ ਦਾ ਕੋਰਸ ਕਰ ਰਹੀ ਸੀ।
ਪੁਲਿਸ ਨੇ ਟਰੱਕ ਨੂੰ ਕਬਜੇ ’ਚ ਲੈ ਲਿਆ ਹੈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਪਰਵਾਰਕ ਮੈਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।