ਦੋਰਾਹਾ, 26 ਦਸੰਬਰ,ਬੋਲੇ ਪੰਜਾਬ ਬਿਊਰੋ :
ਬੇਖੌਫ ਚੋਰਾਂ ਨੇ ਪਿੰਡ ਬਿਲਾਸਪੁਰ ਵਿੱਚ ਰਾਤ ਦੇ ਸਮੇਂ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਨਿਸ਼ਾਨਾ ਬਣਾਕੇ ਹਜ਼ਾਰਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰ ਲਿਆ।ਜਾਣਕਾਰੀ ਦੇ ਅਨੁਸਾਰ, ਕਲੀਨਿਕ ਦੇ ਮੁੱਖ ਗੇਟ ਦਾ ਤਾਲਾ ਤੋੜਕੇ ਚੋਰ ਅੰਦਰ ਘੁਸ ਗਏ ਅਤੇ 2 ਫ੍ਰਿਜ, ਇੱਕ ਵਜ਼ਨ ਮਾਪਣ ਵਾਲੀ ਮਸ਼ੀਨ, ਬੀ.ਪੀ. ਉਪਕਰਣ, ਖੂਨ ਵਿਚ ਸ਼ੂਗਰ ਜਾਂਚਣ ਵਾਲੀ ਮਸ਼ੀਨ, ਇਨਵਰਟਰ ਸਮੇਤ 2 ਬੈਟਰੀਆਂ ਅਤੇ 26 ਸੀਰਿੰਜਾਂ ਚੋਰੀ ਕਰਕੇ ਲੈ ਗਏ।ਡਾਕਟਰ ਵੀਰੋ ਕੌਰ ਨੇ ਦੱਸਿਆ ਕਿ ਸਵੇਰੇ 8:30 ਵਜੇ ਫਾਰਮਾਸਿਸਟ ਅਰਵਿੰਦਰ ਕੁਮਾਰ ਨੇ ਫ਼ੋਨ ਰਾਹੀਂ ਕਲੀਨਿਕ ਦਾ ਤਾਲਾ ਟੁੱਟਿਆ ਹੋਣ ਅਤੇ ਚੋਰੀ ਹੋਣ ਦੀ ਸੂਚਨਾ ਦਿੱਤੀ।
ਇਸਦੇ ਨਾਲ ਹੀ ਚੋਰਾਂ ਨੇ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ। ਚੋਰ ਸਕੂਲ ਦੀ ਇਮਾਰਤ ‘ਚੋਂ 32 ਇੰਚ ਦੀ ਐਲਸੀਡੀ ਅਤੇ ਇੱਕ ਐਮਪਲੀਫਾਇਰ ਚੋਰੀ ਕਰਕੇ ਲੈ ਗਏ। ਚੋਰਾਂ ਨੇ ਜਾਂਦੇ ਸਮੇਂ ਅਲਮਾਰੀ ਵਿੱਚ ਰੱਖਿਆ ਹੋਰ ਸਮਾਨ ਵੀ ਬਿਖੇਰ ਦਿੱਤਾ। ਸਕੂਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਨੇ ਇਸ ਦੀ ਸੂਚਨਾ ਦੋਰਾਹਾ ਪੁਲਿਸ ਨੂੰ ਦਿੱਤੀ।
ਇਨ੍ਹਾਂ ਘਟਨਾਵਾਂ ਦੀ ਸੂਚਨਾ ਮਿਲਣ ਤੋਂ ਬਾਅਦ ਦੋਰਾਹਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾਵਾਂ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਚੋਰਾਂ ਖਿਲਾਫ ਧਾਰਾ 331(2), 305 ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।