ਬਠਿੰਡਾ, 25 ਦਸੰਬਰ,ਬੋਲੇ ਪੰਜਾਬ ਬਿਊਰੋ :
ਪ੍ਰਸ਼ਾਸਨ ਨੇ ਬਠਿੰਡਾ ਵਿਚ ਇਕ ਗੱਚਕ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕੀਤਾ ਹੈ। ਇਹ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਇਸ ਫੈਕਟਰੀ ਵਿੱਚ ਗੱਚਕ ਨੂੰ ਪੈਰਾਂ ਨਾਲ ਬਣਾਇਆ ਜਾ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ।
ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਇਕ ਸਮਾਜ ਸੇਵੀ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਵੀਡੀਓ ‘ਚ ਫੈਕਟਰੀ ‘ਚ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਗੱਚਕ ਬਣਾਈ ਜਾ ਰਹੀ ਸੀ ਅਤੇ ਮੂੰਗਫਲੀ ਨੂੰ ਪੈਰਾਂ ਨਾਲ ਕੁਚਲ ਕੇ ਛਿੱਲਿਆ ਜਾ ਰਿਹਾ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਹੈਲਥ ਇੰਸਪੈਕਟਰ ਨਵਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਫੈਕਟਰੀ ’ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ ਸਾਢੇ ਚਾਰ ਕੁਇੰਟਲ ਗਜਕ ਬਰਾਮਦ ਹੋਈ, ਜਿਸ ਨੂੰ ਸੀਲ ਕਰਕੇ ਸੈਂਪਲ ਲਏ ਗਏ।
ਸਿਹਤ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਗਜਕ ਅਸ਼ੁੱਧ ਪਾਈ ਗਈ। ਇੱਥੇ ਸਫ਼ਾਈ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।