ਕਪੂਰਥਲਾ, 25 ਦਸੰਬਰ,ਬੋਲੇ ਪੰਜਾਬ ਬਿਊਰੋ :
ਥਾਣਾ ਸਿਟੀ ਦੇ ਅਧੀਨ ਪੈਂਦੇ ਮੋਹੱਲਾ ਮਹਤਾਬਗੜ੍ਹ ਵਿੱਚ ਇੱਕ ਨਾਬਾਲਿਗ ਵਿਦਿਆਰਥਣ ਨਾਲ ਉਸਦੇ ਗੁਆਂਢੀ ਨੌਜਵਾਨ ਵੱਲੋਂ ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਮੁਲਜ਼ਮ ਨੌਜਵਾਨ ਵਿਰੁੱਧ ਪੋਸਕੋ ਐਕਟ ਸਮੇਤ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਦੇ ਤਹਿਤ, ਮੋਹੱਲਾ ਮਹਤਾਬਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ 3 ਬੱਚੇ ਹਨ, ਇੱਕ ਲੜਕਾ ਅਤੇ 2 ਲੜਕੀਆਂ। ਉਹ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ। ਉਸਦੀ ਪਤਨੀ ਵਿਦੇਸ਼ ਗਈ ਹੋਈ ਹੈ ਅਤੇ ਉਸਦੀ ਮਾਂ ਘਰ ਵਿੱਚ ਬੱਚਿਆਂ ਦਾ ਧਿਆਨ ਰੱਖਦੀ ਹੈ।
ਉਸਦੀ ਛੋਟੀ ਧੀ ਪਾਇਲ (ਕਲਪਨਿਕ ਨਾਮ) ਦੀ ਉਮਰ 16 ਸਾਲ ਹੈ ਅਤੇ ਉਹ ਨੇੜਲੇ ਨਿੱਜੀ ਸਕੂਲ ਵਿੱਚ 8ਵੀਂ ਕਲਾਸ ਵਿੱਚ ਪੜ੍ਹਦੀ ਹੈ।
ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਸਦਾ ਗੁਆਂਢੀ ਨੌਜਵਾਨ ਦਰਸ਼ਨ ਉਰਫ਼ ਸੋਨੂ ਉਸਦੀ ਧੀ ’ਤੇ ਬੁਰੀ ਨਜ਼ਰ ਰੱਖਦਾ ਸੀ। ਬੀਤੇ ਦਿਨੀ ਉਸਦੀ ਧੀ ਨੇ ਦੱਸਿਆ ਕਿ ਗੁਆਂਢੀ ਨੌਜਵਾਨ ਦਰਸ਼ਨ ਉਰਫ਼ ਸੋਨੂ ਉਸਨੂੰ ਆਪਣੇ ਘਰ ਬੁਲਾ ਕੇ ਲੈ ਗਿਆ ਅਤੇ ਉਸਦੇ ਨਾਲ ਜਬਰਦਸਤੀ ਕੀਤੀ। ਥਾਣਾ ਸਿਟੀ ਦੀ ਪੁਲਿਸ ਨੇ ਨਾਬਾਲਿਗ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।