ਮੋਹਾਲੀ, 25 ਦਸੰਬਰ,ਬੋਲੇ ਪੰਜਾਬ ਬਿਊਰੋ :
ਫੇਜ਼-7 ਦੇ ਇੱਕ ਘਰ ਦੇ ਤਾਲੇ ਤੋੜ ਕੇ ਚੋਰ ਸਾਮਾਨ ਚੋਰੀ ਕਰਕੇ ਲੈ ਗਏ। ਦੁਪਹਿਰ ਨੂੰ ਜਦੋਂ ਘਰ ਦੀ ਮਾਲਕਿਨ ਵਾਪਸ ਆਈ ਤਾਂ ਚੋਰੀ ਦਾ ਪਤਾ ਲੱਗਾ। ਇਸ ਸੰਬੰਧ ਵਿੱਚ ਕੋਠੀ ਦੇ ਮਾਲਕ ਹਰਵਿੰਦਰ ਸਿੰਘ ਘੁੰਮਣ ਨੇ ਮਟੌਰ ਥਾਣੇ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਵਿੰਦਰ ਸਿੰਘ ਘੁੰਮਣ ਸੈਕਟਰ-43 ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਹ ਦੀ ਪਤਨੀ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਲਗਭਗ ਸਾਡੇ ਨੌਂ ਵਜੇ ਘਰ ਅਤੇ ਮੇਨ ਗੇਟ ਨੂੰ ਤਾਲਾ ਲਗਾ ਕੇ ਸੈਕਟਰ-43 ਕੋਰਟ ਚਲੇ ਗਏ। ਦੁਪਹਿਰ ਲਗਭਗ ਸਾਡੇ ਤਿੰਨ ਵਜੇ ਪਤਨੀ ਵਾਪਸ ਆਈ ਤੇ ਘਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੁਲਿਆ। ਇਸ ’ਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ੇ ਦਾ ਲਾਕ ਤੋੜ ਕੇ ਤਾਲਾ ਖੋਲ੍ਹਿਆ ਗਿਆ ਤਾਂ ਵੇਖਿਆ ਕਿ ਬੈਡਰੂਮ ਵਿੱਚ ਸਾਮਾਨ ਖਿਲਰਿਆ ਪਿਆ ਹੈ ਅਤੇ ਅਲਮਾਰੀ ਦਾ ਲਾਕਰ ਵੀ ਟੁੱਟਿਆ ਹੋਇਆ ਹੈ। ਅਲਮਾਰੀ ਵਿੱਚ ਰੱਖੇ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਗਾਇਬ ਸਨ। ਉਨ੍ਹਾਂ ਨੇ ਘਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਚੋਰੀ ਕਰਨ ਤੋਂ ਬਾਅਦ ਕੰਧ ਟੱਪ ਕੇ ਪਿਛਲੇ ਪਾਸੇ ਤੋਂ ਭੱਜ ਗਏ।