ਮਨਾਲੀ, 24 ਦਸੰਬਰ, ਬੋਲੇ ਪੰਜਾਬ ਬਿਊਰੋ :
ਮਨਾਲੀ ਤੇ ਲਾਹੁਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਕਾਰਨ 4,000 ਦੇ ਕਰੀਬ ਸੈਲਾਨੀ ਫਸ ਗਏ। 3,000 ਸੈਲਾਨੀਆਂ ਨੂੰ ਪੰਜ ਘੰਟੇ ’ਚ ਬਚਾਅ ਕਾਰਜ ਦੌਰਾਨ ਸੁਰੱਖਿਅਤ ਕੱਢ ਲਿਆ ਗਿਆ। ਪਰ 1000 ਦੇ ਕਰੀਬ ਸੈਲਾਨੀਆਂ ਨੂੰ ਕੱਢਣ ਦਾ ਕੰਮ ਅਜੇ ਜਾਰੀ ਹੈ। ਅਟਲ ਟਨਲ ਰੋਹਤਾਂਗ ਦੇ ਲਾਗੇ ਚਾਰ ਤੋਂ ਪੰਜ ਇੰਚ ਤੱਕ ਬਰਫ਼ ਪਈ ਹੈ। ਸੋਮਵਾਰ ਨੂੰ ਦਿਨ ਵੇਲੇ 11 ਵਜੇ ਦੇ ਆਸਪਾਸ ਬਰਫ਼ ਦੇ ਤੋਦੇ ਡਿਗਣੇ ਸ਼ੁਰੂ ਹੋਏ ਤਾਂ ਲਾਹੌਲ ਪੁਲਿਸ ਨੇ ਸੈਲਾਨੀਆਂ ਨੂੰ ਮਨਾਲੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਪਰ ਸਾਊਥ ਪੋਰਟਲ ਵਿਚ ਉਤਰਾਈ ਵਿਚ ਵਾਹਨ ਫਿਸਲਣ ਕਾਰਨ ਸੱਤ ਕਿਲੋਮੀਟਰ ਲੰਬੀ ਲਾਈਨ ਲੱਗ ਗਈ। ਐੱਸਡੀਐੱਮ ਮਨਾਲੀ ਰਮਣ ਕੁਮਾਰ ਸ਼ਰਮਾ ਤੇ ਡੀਐੱਸਪੀ ਕੇਡੀ ਸ਼ਰਮਾ ਨੇ ਮੌਕੇ ਪਹੁੰਚ ਕੇ ਰੈਸਕਿਊ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਪੰਜ ਘੰਟੇ ਵਿਚ ਤਿੰਨ ਹਜ਼ਾਰ ਤੋਂ ਜਿਆਦਾ ਸੈਲਾਨੀਆਂ ਨੂੰ ਕੱਢਿਆ ਗਿਆ।