ਐਸ.ਏ.ਐਸ.ਨਗਰ, 24 ਦਸੰਬਰ, ਬੋਲੇ ਪੰਜਾਬ ਬਿਊਰੋ:
ਸੋਹਾਣਾ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਦੋ ਦਰਦਨਾਕ ਨੌਜਵਾਨ ਮੌਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਪੈਂਦੀਆਂ ਸਾਰੀਆਂ ਸਥਾਨਕ ਸਰਕਾਰਾਂ (ਨਗਰ ਨਿਗਮ ਤੇ ਐਮ ਸੀਜ਼) ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਚ ਚੱਲ ਰਹੀ ਹਰੇਕ ਉਸਾਰੀ ਇਮਾਰਤੀ ਨਿਯਮਾਂ ਅਨੁਸਾਰ ਹੋਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਉਲੰਘਣਾ ਨੋਟਿਸ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਦਰਦਨਾਕ ਘਟਨਾਵਾਂ ਜਿਨ੍ਹਾਂ ਲਈ ਘੋਰ ਮਨੁੱਖੀ ਲਾਪਰਵਾਹੀ ਜ਼ਿੰਮੇਵਾਰ ਹੈ, ਦੇ ਮੱਦੇਨਜ਼ਰ ਸਬੰਧਤ ਇਮਾਰਤੀ ਸ਼ਾਖਾਵਾਂ ਨੂੰ ਸਮੇਂ ਸਿਰ ਕਾਰਵਾਈ ਕਰਨ ਲਈ ਵਧੇਰੇ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ਼ ਨਕਸ਼ਿਆਂ ਨੂੰ ਮਨਜ਼ੂਰੀ ਦੇਣਾ ਹੀ ਕਾਫ਼ੀ ਨਹੀਂ ਹੈ; ਸਗੋਂ ਸਮੇਂ-ਸਮੇਂ 'ਤੇ ਚੱਲ ਰਹੀਆਂ ਉਸਾਰੀਆਂ ਦਾ ਵੀ ਨਿਰੀਖਣ ਕਰਨਾ ਚਾਹੀਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਸਾਰੀ ਇਮਾਰਤ ਦੇ ਉਪ-ਨਿਯਮਾਂ/ਪ੍ਰਵਾਨਿਤ ਡਰਾਇੰਗ ਅਨੁਸਾਰ ਹੈ ਜਾਂ ਨਹੀਂ।
ਡਿਪਟੀ ਕਮਿਸ਼ਨਰ ਨੇ ਏਡੀਸੀ (ਜ) ਵਿਰਾਜ ਐਸ ਤਿਡਕੇ, ਨਗਰ ਨਿਗਮ ਕਮਿਸ਼ਨਰ ਟੀ ਬੈਨੀਥ, ਏਡੀਸੀ (ਯੂਡੀ) ਅਨਮੋਲ ਸਿੰਘ ਧਾਲੀਵਾਲ, ਏਡੀਸੀ (ਆਰਡੀ) ਸੋਨਮ ਚੌਧਰੀ ਅਤੇ ਮੁੱਖ ਮੰਤਰੀ ਫੀਲਡ ਅਫਸਰ (ਸੀ.ਐੱਮ.ਐੱਫ.ਓ.) ਦੀਪਾਂਕਰ ਗਰਜੀ ਨਾਲ ਹਾਲ ਹੀ ਵਿੱਚ ਵਾਪਰੇ ਦੁਖਾਂਤ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਉਸਾਰੀਆਂ ਦੀ ਜਾਂਚ ਕਰਨ ਲਈ ਨਵੇਂ ਸਿਰੇ ਤੋਂ ਸਰਵੇਖਣ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਉਲੰਘਣਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨੋਟਿਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨੋਟਿਸ ਰਾਹੀਂ ਉਲੰਘਣਾ ਨੂੰ ਦੂਰ ਕਰਨ ਦਾ ਮੌਕਾ ਦੇਣ ਤੋਂ ਬਾਅਦ ਜਨਤਕ ਹਿੱਤ ਵਿੱਚ ਕਾਨੂੰਨ ਅਨੁਸਾਰ ਢਾਹੁਣ ਜਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇ।
ਸਥਾਨਕ ਨਗਰ ਨਿਗਮ ਵੱਲੋਂ ਪਹਿਲਾਂ ਹੀ ਅਜਿਹਾ ਸਰਵੇਖਣ ਕਰਵਾਉਣ ਦੇ ਕਦਮ ਨੂੰ ਸਰਾਹੁੰਦਿਆਂ, ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਨੂੰ ਕਿਹਾ ਕਿ ਉਹ ਆਪਣੇ ਤੌਰ ‘ਤੇ ਉਲੰਘਣਾਵਾਂ ਨੂੰ ਦੂਰ ਕਰਨ ਲਈ ਨੋਟਿਸ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ, ਜੇਕਰ ਉਲੰਘਣਾ ਕਰਨ ਵਾਲਾ ਨਹੀਂ ਮੰਨਦਾ ਤਾਂ ਨਗਰ ਨਿਗਮ ਵੱਲੋਂ ਇਮਾਰਤ ਦੇ ਮਾਲਕ ਦੇ ਖਰਚੇ ‘ਤੇ ਕਾਨੂੰਨ ਅਨੁਸਾਰ ਢਾਹੁਣ ਵਰਗੀ ਜਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਨਗਰ ਨਿਗਮ ਖੇਤਰ ਤੋਂ ਬਾਹਰ ਦੀਆਂ ਬਹੁਮੰਜ਼ਿਲਾ ਇਮਾਰਤਾਂ ਦੀ ਉਸਾਰੀ ਵਿੱਚ ਹੋ ਰਹੀ ਉਲੰਘਣਾ ਨੂੰ ਰੋਕਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਅਥਾਰਟੀ ਵੱਲੋਂ ਨਗਰ ਨਿਗਮ ਦੀ ਹੱਦ ਤੋਂ ਬਾਹਰ ਦੇ ਖੇਤਰਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਵੀ ਦੁਖਦਾਈ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰ (ਲਾਲ ਲਕੀਰ) ਜੋ ਗ੍ਰਾਮ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਵਿੱਚ ਉੱਚੀਆਂ ਇਮਾਰਤਾਂ ਦੀ ਉਸਾਰੀ ਕਨੂੰਨ ਅਨੁਸਾਰ ਯਕੀਨੀ ਬਣਾਉਣ ਲਈ ਸਖ਼ਤ ਰੁਖ ਅਪਣਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇੱਕ ਵੱਖਰਾ ਪੱਤਰ ਭੇਜਿਆ ਜਾਵੇਗਾ।
ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਬੇਕਸੂਰ ਲੋਕਾਂ ਨੂੰ ਅਜਿਹੇ ਗੈਰ-ਮਨਜ਼ੂਰਸ਼ੁਦਾ ਰਿਹਾਇਸ਼ਾਂ ਵਿੱਚ ਰੱਖਣ ਜਾਂ ਢੁਕਵੀਂ ਅਥਾਰਟੀ ਦੀ ਪ੍ਰਵਾਨਗੀ ਤੋਂ ਬਿਨਾਂ ਬੇਸਮੈਂਟਾਂ ਦੀ ਖੁਦਾਈ ਕਰਨ ਦਾ ਲਾਲਚ ਉਨ੍ਹਾਂ ਨੂੰ ਹੁਣ ਤੋਂ ਮਹਿੰਗਾ ਪਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵਸਨੀਕ ਨੂੰ ਆਪਣੇ ਆਲੇ-ਦੁਆਲੇ ਕਿਸੇ ਇਮਾਰਤ ਦੀ ਉਲੰਘਣਾ ਜਾਂ ਬੇਸਮੈਂਟਾਂ ਦੀ ਅਸੁਰੱਖਿਅਤ ਖੁਦਾਈ, ਦਾ ਪਤਾ ਲੱਗੇ ਤਾਂ ਉਹ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0172-2219506 ‘ਤੇ ਰਿਪੋਰਟ ਕਰਨ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ, ਮੋਹਾਲੀ ਕੋਲ ਇਸ ਲਈ ਇੱਕ ਸਮਰਪਿਤ ਹੈਲਪਲਾਈਨ ਨੰਬਰ 9463775070 ਅਤੇ ਮੇਲ ਆਈ.ਡੀ. Municipalcorporationsasnagar@gmail.com, ਬਿਲਡਿੰਗ ਕਾਨੂੰਨਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਚੱਲ ਰਿਹਾ ਹੈ, ਉਸ ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਫੋਟੋ ਕੈਪਸ਼ਨ: ਡੀ ਸੀ ਆਸ਼ਿਕਾ ਜੈਨ ਮੰਗਲਵਾਰ ਨੂੰ ਏਡੀਸੀ (ਜ), ਏਡੀਸੀ (ਆਰਡੀ), ਏਡੀਸੀ (ਯੂਡੀ) ਅਤੇ ਕਮਿਸ਼ਨਰ ਐਮਸੀ ਮੋਹਾਲੀ ਅਤੇ ਸੀਐਮਐਫਓ ਨਾਲ ਬਿਲਡਿੰਗ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਇੱਕ ਹੰਗਾਮੀ ਮੀਟਿੰਗ ਦੌਰਾਨ।