ਚੰਡੀਗੜ੍ਹ, 24 ਦਸੰਬਰ,ਬੋਲੇ ਪੰਜਾਬ ਬਿਊਰੋ;
ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ NIA ਨੇ ਇਹ ਗ੍ਰਿਫਤਾਰੀ ਮੁੰਬਈ ਤੋਂ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਜਤਿੰਦਰ ਸਿੰਘ ਉਰਫ਼ ਜੋਤੀ ਨਿਵਾਸੀ ਗੁਰਦਾਸਪੁਰ ਵਜੋਂ ਹੋਈ ਹੈ, ਜੋ ਅੱਤਵਾਦੀ ਸੰਸਥਾ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਵਿਦੇਸ਼-ਅਧਾਰਿਤ ਲੰਡਾ ਦੁਆਰਾ ਬਣਾਏ ਗਏ ਗਿਰੋਹ ਦਾ ਮੈਂਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਜੁਲਾਈ 2024 ਵਿੱਚ ਹਥਿਆਰ ਤਸਕਰ ਬਲਜੀਤ ਸਿੰਘ ਉਰਫ਼ ਰਾਣਾ ਭਾਈ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਫਰਾਰ ਸੀ। ਮੁਲਜ਼ਮ ਜਤਿੰਦਰ ਨੂੰ ਅੱਤਵਾਦੀ ਲਖਬੀਰ ਲੰਡਾ ਦਾ ਬਹੁਤ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਤਿੰਦਰ ਸਿੰਘ ਬਟਾਲਾ ਦੇ ਗੁੰਡਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਉਹ ਮੱਧ ਪ੍ਰਦੇਸ਼ ਤੋਂ ਬਲਜੀਤ ਸਿੰਘ ਉਰਫ਼ ਰਾਣਾ ਭਾਈ ਤੋਂ ਹਥਿਆਰ ਖਰੀਦਦਾ ਅਤੇ ਅੱਗੇ ਸਪਲਾਈ ਕਰਦਾ ਸੀ। ਪਤਾ ਲੱਗਿਆ ਹੈ ਕਿ ਮੁਲਜ਼ਮ ਜਤਿੰਦਰ ਨੇ ਮੱਧ ਪ੍ਰਦੇਸ਼ ਤੋਂ ਲਿਆ ਕੇ 10 ਪਿਸਟਲ ਬਟਾਲਾ ਦੇ ਗੁੰਡਿਆਂ ਨੂੰ ਸਪਲਾਈ ਕੀਤੇ ਸਨ। ਉਸ ਨੇ ਪੰਜਾਬ ਵਿੱਚ ਹੋਰ ਵੀ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾਈ ਸੀ ਪਰ NIA ਨੇ ਉਸਦੀ ਯੋਜਨਾ ਨੂੰ ਅਸਫਲ ਕਰ ਦਿੱਤਾ।