ਫਿਰੋਜ਼ਪੁਰ, 24 ਦਸੰਬਰ,ਬੋਲੇ ਪੰਜਾਬ ਬਿਊਰੋ :
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾ ਲੜਕੀ ਨੂੰ ਘਰੋਂ ਅਗਵਾ ਕਰ ਕੇ ਗੈਂਗਰੇਪ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ 2 ਦਰਿੰਦਿਆਂ ਨੇ ਅੰਜਾਮ ਦਿੱਤਾ।ਮਿਲੀ ਜਾਣਕਾਰੀ ਮੁਤਾਬਕ ਦੋਵੇਂ ਦਰਿੰਦੇ ਪਿੰਡ ਦੇ ਹੀ ਰਹਿਣ ਵਾਲੇ ਹਨ।ਦੋਵੇਂ ਗੈਂਗਰੇਪ ਤੋਂ ਬਾਅਦ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪੀੜਤ ਲੜਕੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਅਤੇ ਦੋਵੇਂ ਦਰਿੰਦਿਆਂ ਖਿਲਾਫ਼ ਅਗਵਾ ਕਰਨ ਅਤੇ ਗੈਂਗਰੇਪ ਦਾ ਮੁਕਦਮਾ ਦਰਜ ਕਰ ਲਿਆ।ਪੁਲਿਸ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਵਿਅਕਤੀ ਕੰਧਾਂ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੇ ਦਮ ’ਤੇ ਲੜਕੀ ਨੂੰ ਅਗਵਾ ਕਰਕੇ ਲੈ ਗਏ।ਇਸ ਤੋਂ ਬਾਅਦ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਵਾਰੋਂ ਵਾਰੀ ਉਸ ਨਾਲ ਬਲਾਤਕਾਰ ਕੀਤਾ।ਜਬਰ ਜ਼ਿਨਾਹ ਕਰਨ ਤੋਂ ਬਾਅਦ ਦਰਿੰਦਿਆਂ ਨੇ ਪੀੜਤ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ।ਇਸ ਤੋਂ ਬਾਅਦ ਪੀੜਤ ਲੜਕੀ ਆਪਣੇ ਪਰਿਵਾਰ ਪਾਸ ਪਹੁੰਚੀ ਤੇ ਪੂਰੀ ਘਟਨਾ ਦੱਸੀ।ਪਰਿਵਾਰ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਮੌਕੇ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ 2 ਵਿਅਕਤੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ। ਦਰਿੰਦਿਆਂ ਖਿਲਾਫ਼ ਕਿਡਨੈਪਿੰਗ ਅਤੇ ਗੈਂਗਰੇਪ ਦਾ ਮੁਕਦਮਾ ਦਰਜ ਕੀਤਾ ਗਿਆ ਹੈ।ਦੋਵੇਂ ਮੁਲਜ਼ਮ ਫ਼ਰਾਰ ਹਨ।