ਚੇਨਈ, 23 ਦਸੰਬਰ,ਬੋਲੇ ਪੰਜਾਬ ਬਿਊਰੋ :
ਚੇਨਈ ਸਥਿਤ ਸਾਰਮਾਊਂਟ ਲੌਜਿਸਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਅਪਣੇ ਮੁਲਾਜ਼ਮਾਂ ਨੂੰ ਕੰਪਨੀ ਪ੍ਰਤੀ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਕਾਰਾਂ ਅਤੇ ਮੋਟਰਸਾਈਕਲ ਤੋਹਫ਼ੇ ਵਜੋਂ ਦਿਤੇ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਕੰਪਨੀ ਦੇ 20 ਮੁਲਾਜ਼ਮਾਂ ਨੂੰ ‘ਉੱਚਾ ਟੀਚਾ’ ਰੱਖਣ ਲਈ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਉਨ੍ਹਾਂ ਨੂੰ ਟਾਟਾ ਕਾਰ, ਐਕਟਿਵਾ ਸਕੂਟੀ ਅਤੇ ਇਕ ਰਾਇਲ ਐਨਫੀਲਡ ਮੋਟਰਸਾਈਕਲ ਤੋਹਫ਼ੇ ਵਜੋਂ ਦਿੱਤੇ ਗਏ।
ਕੰਪਨੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਡੈਨਜ਼ਿਲ ਰਿਆਨ ਨੇ ਇਕ ਬਿਆਨ ਵਿਚ ਕਿਹਾ, ‘‘ਸਾਡਾ ਮਿਸ਼ਨ ਸਾਰੇ ਤਰ੍ਹਾਂ ਦੇ ਕਾਰੋਬਾਰਾਂ ਲਈ ਲੌਜਿਸਟਿਕਸ ਨੂੰ ਸਰਲ ਬਣਾਉਣਾ ਹੈ। ਅਸੀਂ ਰਵਾਇਤੀ ਮਾਲ ਅਤੇ ਲੌਜਿਸਟਿਕ ਪ੍ਰਕਿਰਿਆਵਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ। ਸਾਡਾ ਟੀਚਾ ਅਜਿਹੇ ਹੱਲ ਪ੍ਰਦਾਨ ਕਰਨਾ ਹੈ ਜੋ ਨਾ ਸਿਰਫ ਕੁਸ਼ਲ ਹਨ, ਬਲਕਿ ਵਾਤਾਵਰਣ ਪ੍ਰਤੀ ਵੀ ਚੇਤੰਨ ਹਨ।’’
ਤੋਹਫ਼ੇ ਦੇ ਸਬੰਧ ’ਚ, ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਕਰਮਚਾਰੀ ਭਲਾਈ ਪ੍ਰੋਗਰਾਮ ਨੂੰ ਲਾਗੂ ਕਰਨ ਨਾਲ ਨਾ ਸਿਰਫ ਕਰਮਚਾਰੀਆਂ ਦੀ ਸੰਤੁਸ਼ਟੀ ’ਚ ਸੁਧਾਰ ਹੁੰਦਾ ਹੈ ਬਲਕਿ ਉਤਪਾਦਕਤਾ ਅਤੇ ਸ਼ਮੂਲੀਅਤ ਵੀ ਵਧਦੀ ਹੈ।