ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ :
ਖਾੜੀ ਖੇਤਰ ਦਾ ਇਕ ਹੋਰ ਦੇਸ਼ ਸਰਹੱਦ ਪਾਰ ਤੋਂ ਅੱਤਵਾਦ ਖ਼ਿਲਾਫ਼ ਭਾਰਤ ਨਾਲ ਖੜ੍ਹਾ ਹੋ ਗਿਆ ਹੈ। ਇਹ ਦੇਸ਼ ਕੁਵੈਤ ਹੈ, ਜਿਸ ਦਾ ਦੋ ਦਿਨਾ ਦੌਰਾ ਖ਼ਤਮ ਕਰ ਕੇ ਪੀਐੱਮ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਭਾਰਤ ਪਰਤੇ। ਇਸ ਦੌਰੇ ਦੌਰਾਨ ਮੋਦੀ ਨੇ ਕੁਵੈਤ ਦੀਆਂ ਸਿਖਰਲੀਆਂ ਸ਼ਖਸੀਅਤਾਂ ਅਮੀਰ ਸ਼ੇਖ ਮੇਸ਼ਾਲ ਅਲ ਅਹਿਦ ਅਲ ਜਬਰ, ਅਲ ਸਬਾ, ਕ੍ਰਾਊਨ ਪ੍ਰਿੰਸ ਸ਼ੇਖ ਸਬਾ ਅਲ-ਖਾਲੀਦ ਤੇ ਤੇ ਪੀਐੱਮ ਸ਼ੇਖ ਅਹਿਮਦ ਅਲ ਅਬਦੁਲਾ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਭਾਰਤ ਤੇ ਕੁਵੈਤ ਨੇ ਸਰਹੱਦ ਪਾਰ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਹੈ ਤੇ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਤੇ ਉਨ੍ਹਾਂ ਨੂੰ ਵਿੱਤੀ ਮਦਦ ਦੇਣ ਵਾਲੀ ਵਿਵਸਥਾ ਖ਼ਤਮ ਕਰਨ ਦੀ ਮੰਗ ਕੀਤੀ। ਕੁਵੈਤ ਨੇ ਹਰ ਤਰ੍ਹਾਂ ਦੇ ਅੱਤਵਾਦ ਖ਼ਿਲਾਫ਼ ਭਾਰਤ ਨਾਲ ਸਹਿਯੋਗ ਦਾ ਐਲਾਨ ਕੀਤਾ। ਭਾਰਤ ਲਗਾਤਾਰ ਗੁਆਂਢੀ ਦੇਸ਼ ਪਾਕਿਸਤਾਨ ’ਤੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਗਾਉਂਦਾ ਹੈ ਤੇ ਇਹ ਸਾਂਝਾ ਬਿਆਨ ਪਾਕਿਸਤਾਨ ’ਤੇ ਨਿਸ਼ਾਨਾ ਹੈ।ਦੱਸਣਯੋਗ ਹੈ ਕਿ ਅੱਤਵਾਦ ਦੇ ਮੁੱਦੇ ’ਤੇ ਭਾਰਤ ਨੂੰ ਖਾੜੀ ਖੇਤਰ ਦੇ ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਦਾ ਵੀ ਸਮਰਥਨ ਮਿਲਦਾ ਰਿਹਾ ਹੈ।