ਗੁਰਦਾਸਪੁਰ, 21 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਪੁਲਿਸ ਥਾਣਿਆਂ ’ਤੇ ਹੋ ਰਹੇ ਹਮਲੇ ਲਗਾਤਾਰ ਜਾਰੀ ਹਨ। ਕੱਲ੍ਹ ਰਾਤ ਲਗਭਗ 10 ਵਜੇ ਪੁਲਿਸ ਥਾਣੇ ਨੇੜੇ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਹੀ ਕਲਾਨੌਰ ਦੇ ਬਖ਼ਸ਼ੀਵਾਲ ਖੇਤਰ ਵਿੱਚ ਸਥਿਤ ਪੁਲਿਸ ਚੌਕੀ ’ਤੇ ਗ੍ਰਨੇਡ ਹਮਲਾ ਹੋਣ ਦੀ ਘਟਨਾ ਵੀ ਸਾਹਮਣੇ ਆਈ ਸੀ। ਇਸ ਘਟਨਾ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਇਹ ਚੌਕੀ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਵਡਾਲਾ ਬਾਂਗਰ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਗੁਰਦਾਸਪੁਰ ਦੇ SSP ਹਰੀਸ਼ ਦਾਇਮਾ ਨੇ ਕਿਹਾ ਕਿ ਸਿਰਫ਼ ਸ਼ੀਸ਼ੇ ਦਾ ਦਰਵਾਜ਼ਾ ਟੁੱਟਿਆ ਸੀ, ਜਿਸ ਦੀ ਆਵਾਜ਼ ਆਈ ਸੀ, ਬਾਕੀ ਮਾਮਲੇ ਦੀ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੌਕੀ ਕੁਝ ਸਮੇਂ ਤੋਂ ਬੰਦ ਪਈ ਹੋਈ ਸੀ, ਜਿਸ ਕਾਰਨ ਇਥੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਹਿਆ। ਹਾਲਾਂਕਿ ਵੱਖ-ਵੱਖ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।