ਭਗਤਾ ਭਾਈਕਾ, 21 ਦਸੰਬਰ,ਬੋਲੇ ਪੰਜਾਬ ਬਿਊਰੋ :
ਅੱਜ ਇਥੇ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਇਕ ਦੁਕਾਨ ’ਤੇ ਚੈਕਿੰਗ ਕਰਨ ਆਈ ਜੀਐੱਸਟੀ ਵਿਭਾਗ ਦੀ ਟੀਮ ਦਾ ਦੁਕਾਨਦਾਰਾਂ ਨੇ ਘਿਰਾਓ ਕੀਤਾ। ਦੁਕਾਨਦਾਰਾਂ ਨੇ ਟੀਮ ਨੂੰ ਦੁਕਾਨ ਵਿਚ ਹੀ ਬੰਦੀ ਬਣਾ ਲਿਆ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸ਼ਹਿਰ ਦੇ ਵੱਡੀ ਗਿਣਤੀ ਵਿਚ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਛਾਪੇਮਾਰੀ ਵਾਲੀ ਦੁਕਾਨ ਅੱਗੇ ਇਕੱਠੇ ਹੋ ਗਏ।
ਜੀਐਸਟੀ ਵਿਭਾਗ ਦੀ ਟੀਮ ਨੇ ਇਸ ਦੌਰਾਨ ਸ਼ਹਿਰ ਦੇ ਦੁਕਾਨਦਾਰ ਚੰਦਰ ਭਾਨ ਦੀ ਭਾਂਡਿਆਂ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ।ਜੀਐਸਟੀ ਵਿਭਾਗ ਦੇ 3 ਈਟੀਓ, 5 ਇੰਸਪੈਕਟਰ ਜਿਸ ਵਿਚ 2 ਮਹਿਲਾ ਇੰਸਪੈਕਟਰ ਵੀ ਸ਼ਾਮਲ ਸਨ, ਨੇ ਦੁਕਾਨ ’ਤੇ ਛਾਪੇਮਾਰੀ ਕੀਤੀ ਸੀ।
ਪੁਲਿਸ ਨੇ ਕਾਫੀ ਜੱਦੋ ਜਹਿਦ ਬਾਅਦ ਟੀਮ ਨੂੰ ਬਾਹਰ ਕੱਢਿਆ ਤੇ ਪੁਲਿਸ ਅਧਿਕਾਰੀ ਆਪਣੀਆਂ ਗੱਡੀਆਂ ਵਿਚ ਬੈਠਾ ਕੇ ਲੈ ਗਏ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਬਾਜਾਖਾਨਾ-ਸਲਾਬਤਪੁਰਾ ਰੋਡ ਤੇ ਧਰਨਾ ਲਗਾ ਦਿੱਤਾ।ਜੀਐਸਟੀ ਵਿਭਾਗ ਦੇ ਈਟੀਓ ਅਨਿਲ ਸੇਤੀਆਂ ਨੇ ਦੱਸਿਆ ਕਿ ਉਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤਹਿਤ ਚੈਕਿੰਗ ਕਰਨ ਆਏ ਸਨ। ਜਦਕਿ ਸਬੰਧਤ ਦੁਕਾਨਦਾਰ ਦਾ ਕਹਿਣਾ ਸੀ ਕਿ ਕਿਸੇ ਵਿਆਕਤੀ ਨੇ ਉਨ੍ਹਾਂ ਖਿਲਾਫ ਜਾਣਬੁੱਝ ਕੇ ਸ਼ਿਕਾਇਤ ਕੀਤੀ ਗਈ ਹੈ, ਜਿਸਦਾ ਨਾਮ ਦੱਸਿਆ ਜਾਵੇ, ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਚੈਕਿੰਗ ਕਰਨ ਆਏ।