ਚੰਡੀਗੜ੍ਹ, 20 ਦਸੰਬਰ,ਬੋਲੇ ਪੰਜਾਬ ਬਿਊਰੋ :
ਪਟਿਆਲਾ ਵਿਚ ਐੱਮ.ਸੀ. ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਖੋਹਣ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਹਾਈਕੋਰਟ ਨੇ ਇਸ ਮਾਮਲੇ ’ਚ ਏ.ਜੀ. ਨੂੰ 15 ਮਿੰਟ ਦਾ ਸਮਾਂ ਦਿੱਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ 15 ਮਿੰਟ ਦੇ ਅੰਦਰ ਕਾਰਵਾਈ ਕੀਤੀ ਜਾਵੇ ਅਤੇ ਸਖ਼ਤ ਕਦਮ ਚੁੱਕਿਆ ਜਾਵੇ। ਕੋਰਟ ਨੇ 4 ਪੁਲਿਸ ਕਰਮਚਾਰੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ।
ਕੋਰਟ ਦੇ ਹੁਕਮਾਂ ਦੇ ਬਾਅਦ ਏ.ਜੀ. ਨੇ ਹੋਰ ਸਮਾਂ ਮੰਗਿਆ ਪਰ ਹਾਈਕੋਰਟ ਨੇ ਕੇਵਲ 15 ਮਿੰਟਾਂ ਵਿੱਚ ਕਾਰਵਾਈ ਕਰਨ ਲਈ ਕਿਹਾ ਹੈ। ਦੱਸ ਦਈਏ ਕਿ 12 ਦਸੰਬਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਦਾ ਆਖਰੀ ਦਿਨ ਸੀ। ਇਸ ਦੌਰਾਨ ਇੱਕ ਮਹਿਲਾ ਪਟਿਆਲਾ ਐੱਮ.ਸੀ. ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਆਈ ਸੀ, ਜਿਸ ਤੋਂ ਵਿਰੋਧੀ ਪੱਖ ਨੇ ਜਬਰਦਸਤੀ ਨਾਮਜ਼ਦਗੀ ਪੱਤਰ ਖੋਹ ਕੇ ਫਾੜ ਦਿੱਤਾ। ਇਸ ਸਬੰਧੀ ਪਟੀਸ਼ਨ ਹਾਈਕੋਰਟ ’ਚ ਦਾਇਰ ਕੀਤੀ ਗਈ।
ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਇਹ ਫੈਸਲਾ ਸੁਣਾਇਆ। ਉਸ ਸਮੇਂ ਜੋ ਪੁਲਿਸ ਕਰਮਚਾਰੀ ਡਿਊਟੀ ’ਤੇ ਤੈਨਾਤ ਸਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਏ.ਜੀ. ਨੂੰ ਜਾਰੀ ਕੀਤੇ ਗਏ ਹਨ। ਇਸ ਮਾਮਲੇ ਨਾਲ ਸਬੰਧਤ ਇਕ ਵੀਡੀਓ ਵੀ ਕੋਰਟ ਵਿੱਚ ਪੇਸ਼ ਕੀਤੀ ਗਈ ਹੈ।