ਮਾਨਸਾ 20 ਦਸੰਬਰ,ਬੋਲੇ ਪੰਜਾਬ ਬਿਊਰੋ :
ਅੱਜ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ),ਦਲਿਤ ਮਨੁੱਖੀ ਅਧਿਕਾਰ ਸਭਾ,ਪੰਜਾਬ ਕਿਸਾਨ ਯੂਨੀਅਨ ਅਤੇ ਬਹੁਜਨ ਮੁਕਤੀ ਪਾਰਟੀ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਏਡੀਸੀ ਮਾਨਸਾ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਦੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਬੱਚਤ ਭਵਨ ਮਾਨਸਾ ਵਿੱਚੋਂ ਬਾਹਰ ਹੋਣ ਲਈ ਮਜਬੂਰ ਕਰਨ ਦੇ ਖਿਲਾਫ ਜ਼ਿਲਾ ਕਚਹਿਰੀਆਂ ਦੇ ਗੇਟ ਅੱਗੇ ਏਡੀਸੀ ਮਾਨਸਾ ਦੀ ਅਰਥੀ ਸਾੜੀ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਵੱਲੋਂ ਜ਼ਿਲਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਅਤੇ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ,ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਅੰਕਿਤਾ,ਪ੍ਰੇਰਨਾ,ਸੁਰਿੰਦਰ ਸਿੰਘ ਮਾਨਸਾ,ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜਾਇਬ ਸਿੰਘ ਗੁਰੂ,ਬਹੁਜਨ ਮੁਕਤੀ ਪਾਰਟੀ ਵੱਲੋਂ ਜਸਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਫਰਵਰੀ 2024 ਨੂੰ ਅੰਬੇਦਕਰ ਭਵਨ ਵਿਖੇ ਚੱਲ ਰਹੀ ਜ਼ਿਲਾ ਲਾਇਬ੍ਰੇਰੀ ਨੂੰ ਬੰਦ ਕਰਨ ਉਪਰੰਤ ਲਾਇਬ੍ਰੇਰੀ ਦੇ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਬੱਚਤ ਭਵਨ ਨੂੰ ਲਾਇਬ੍ਰੇਰੀ ਵਜੋਂ ਮੁਹੱਈਆ ਕਰਵਾਉਣ ਤੋਂ ਬਾਅਦ ਵਿਦਿਆਰਥੀ ਉੱਥੇ ਬੈਠੇ ਹੋਏ ਹਨ ਅਤੇ ਜਿਲ੍ਹਾ ਲਾਇਬ੍ਰੇਰੀ ਨੂੰ ਅੰਬੇਦਕਰ ਭਵਨ ਵਿੱਚ ਹੀ ਦੁਬਾਰਾ ਬਹਾਲ ਕਰਵਾਉਣ ਲਈ 27 ਨਵੰਬਰ 2024 ਤੋਂ ਸੰਘਰਸ਼ ਚੱਲ ਰਿਹਾ ਹੈ,ਪਰ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਦਿਆਰਥੀਆਂ ਦੇ ਮਸਲੇ ਦਾ ਹੱਲ ਕਰਨ ਦੇ ਉਲਟ ਭੁਗਤਦਿਆਂ ਏਡੀਸੀ ਮਾਨਸਾ ਵੱਲੋਂ ਵਿਦਿਆਰਥੀਆਂ ਨੂੰ ਜ਼ਬਰਦਸਤੀ ਬੱਚਤ ਭਵਨ ਵਿੱਚੋਂ ਬਾਹਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੱਲ੍ਹ ਏਡੀਸੀ ਮਾਨਸਾ ਵੱਲੋਂ ਬੱਚਤ ਭਵਨ ਵਿੱਚੋਂ ਇੰਟਰਨੈੱਟ ਕੁਨੈਕਸ਼ਨ ਕੱਟਣ ਦੇ ਦਿੱਤੇ ਹੁਕਮਾਂ ਨੂੰ ਵੀ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਾਪਸ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ 11 ਦਸੰਬਰ ਨੂੰ ਪ੍ਰਦਰਸ਼ਨ ਕਰਨ ਉਪਰੰਤ ਮੀਟਿੰਗ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ।ਆਗੂਆਂ ਨੇ ਕਿਹਾ ਕਿ ਜਿੱਥੇ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਡਟਵਾਂ ਸੰਘਰਸ਼ ਕਰਦਿਆਂ ਸਮੁੱਚੀ ਸਿੱਖਿਆ ਦੇ ਖੇਤਰ ਨੂੰ ਨਿੱਜੀ ਵਿਅਕਤੀਆਂ ਦੀ ਜਾਇਦਾਦ ਬਣਾਏ ਜਾਣ ਤੋਂ ਰੋਕਣ ਦਾ ਸੁਆਲ ਮੂੰਹ ਅੱਡੀ ਖੜ੍ਹਾ ਹੈ,ਉੱਥੇ ਨਾਲ ਹੀ ਦੇਸ਼ ਦੀਆਂ ਲਾਇਬਰੇਰੀਆਂ ਨੂੰ ਵੀ ਬਚਾਏ ਜਾਣ ਦਾ ਸੁਆਲ ਉਭਾਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਵੀ ਸਾਥੀਆਂ ਸਮੇਤ ਸ਼ਾਮਲ ਹੋਏ।ਆਗੂਆਂ ਨੇ ਮੰਗ ਕੀਤੀ ਕਿ ਏਡੀਸੀ ਮਾਨਸਾ ਵੱਲੋਂ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ,ਸ਼ਹਿਰ ਅੰਦਰ ਅੰਬੇਦਕਰ ਭਵਨ ਵਿੱਚ ਹੀ ਜ਼ਿਲਾ ਲਾਇਬ੍ਰੇਰੀ ਦੀ ਬਿਲਡਿੰਗ ਲਈ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ,ਜ਼ਿਲਾ ਲਾਇਬ੍ਰੇਰੀ ਲਈ ਸਰਕਾਰ ਵੱਲੋਂ ਪਿਛਲੇ ਸਾਲ ਦਿੱਤੇ ਗਏ ਕੰਪਿਊਟਰਾਂ ਸਮੇਤ ਸਾਰਾ ਇਨਫਰਾਸਟਰੱਕਚ ਉਸੇ ਬਿਲਡਿੰਗ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਲਾਗੂ ਕੀਤਾ ਜਾਵੇ,ਡਾਕਟਰ ਅੰਬੇਦਕਰ ਭਵਨ ਮਾਨਸਾ ਅੰਦਰ ਆਧੁਨਿਕ ਸਹੂਲਤਾਂ ਵਾਲੀ ਜ਼ਿਲਾ ਲਾਇਬ੍ਰੇਰੀ ਦੀ ਸਥਾਪਨਾ ਪੱਕੇ ਹੁਕਮਾਂ ਅਧੀਨ ਕੀਤੀ ਜਾਵੇ ਅਤੇ ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਉਂਦੇ ਹੋਏ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ,ਜ਼ਿਲਾ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ,ਕਲਰਕ ਅਤੇ ਰੀਸਟੋਰਰ ਦੀਆਂ ਆਸਾਮੀਆਂ ਲਈ ਪੱਕੀ ਭਰਤੀ ਕੀਤੀ ਜਾਵੇ।ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਮਨਵੀਰ ਸਿੰਘ,ਹਰਜੋਤ ਸਿੰਘ,ਦਿਕਸ਼ਾ,ਸਰਬਜੀਤ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ।