ਅੰਮ੍ਰਿਤਸਰ, 19 ਦਸੰਬਰ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿੱਚ ਇੱਕ ਰੈਸਟੋਰੈਂਟ ਦੀ ਆੜ ਵਿੱਚ ਚਲ ਰਹੇ ਹੁੱਕਾ ਬਾਰ ’ਤੇ ਪੁਲਿਸ ਦੀ ਰੇਡ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਨੇ ਇੱਕ ਰੈਸਟੋਰੈਂਟ ’ਤੇ ਛਾਪਾ ਮਾਰ ਕੇ ਉਥੇ ਗੈਰਕਾਨੂੰਨੀ ਤਰੀਕੇ ਨਾਲ ਗਾਹਕਾਂ ਨੂੰ ਹੁੱਕਾ ਪੀਲਾਉਣ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਚੰਦਨ ਅਤੇ ਨੀਰਜ ਸਹੋਤਾ ਦੇ ਤੌਰ ’ਤੇ ਹੋਈ ਹੈ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀ-ਬਲਾਕ ਵਿੱਚ ਸਥਿਤ ਬਲਾਈਂਡ ਟਾਈਗਰ ਅਤੇ ਯੂਰੋਪੀਅਨ ਨਾਈਟਸ ਰੈਸਟੋਰੈਂਟ ਵਿੱਚ ਆਉਣ ਵਾਲੇ ਗਾਹਕਾਂ ਨੂੰ ਹੁੱਕਾ ਪਿਲਾਇਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲ ਕੀਤੀ ਜਾਂਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਉਥੇ ਛਾਪਾ ਮਾਰ ਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਕਈ ਹੁੱਕੇ ਵੀ ਬਰਾਮਦ ਕੀਤੇ। ਪਤਾ ਲੱਗਾ ਹੈ ਕਿ ਪੁਲਿਸ ਨੇ ਮੌਕੇ ’ਤੇ 4 ਹੁੱਕੇ ਜਬਤ ਕੀਤੇ ਹਨ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।