ਚੰਡੀਗੜ੍ਹ, 19 ਦਸੰਬਰ ,ਬੋਲੇ ਪੰਜਾਬ ਬਿਊਰੋ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਕਮੇਟੀ ਦੇ ਫ਼ੈਸਲੇ ਨੇ, ਗਿਆਨੀ ਹਰਪ੍ਰੀਤ ਸਿੰਘ ਵੱਲੋਂ 18 ਦਸੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ‘ਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਪ੍ਰਗਟ ਕੀਤੇ ਖਾਦਸੇ ਸੱਚ ਸਾਬਿਤ ਕਰ ਦਿੱਤੇ। ਉਹਨਾਂ ਆਖਿਆ ਕਿ 2 ਦਸੰਬਰ ਨੂੰ ਸਿੰਘ ਸਾਹਿਬਾਨਾਂ ਵੱਲੋਂ ਸੁਣਾਈ ਫ਼ੈਸਲੇ ਨੂੰ ਬਦਲਣ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਅੜਿੱਕਾ ਸਮਝਿਆ ਜਾ ਰਿਹਾ ਹੈ। ਜਿਸ ਨੂੰ ਦੂਰ ਕਰਨ ਲਈ ਐਸਜੀਪੀਸੀ ਨੇ ਆਪਣੇ ਵੱਕਾਰ ਤੱਕ ਨੂੰ ਹੀ ਦਾਅ ਉੱਤੇ ਲਗਾ ਦਿੱਤਾ।ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਦੁਆਰਾ ਸਾਹਿਬਾਨਾਂ ਦੀ ਗੋਲਕ ਹੀ ਨਹੀਂ ਸੰਭਾਲਦੀ, ਸਗੋਂ ਪੰਥਕ ਮਰਿਆਦਾ, ਪਰੰਪਰਾਵਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬਉੱਚ ਸੰਸਥਾ ਦਾ ਮਾਣ ਸਤਿਕਾਰ ਦੀ ਪਹਿਰੇਦਾਰੀ ਵੀ ਕਰਦੀ ਹੈ। ਉਨ੍ਹਾਂ ਆਖਿਆ ਕਿ ਐੱਸਜੀਪੀਸੀ ਜਥੇਦਾਰ ਸਾਹਿਬਾਨ ਵੱਲੋਂ ਸੁਣਾਏ ਫ਼ਰਮਾਨ ‘ਤੇ ਜਥੇਦਾਰ ਸਾਹਿਬ ਦੇ ਸਨਮਾਨ ਸਤਿਕਾਰ ਦੀ ਰਾਖੀ ਦੀ ਥਾਂ, ਕੇਵਲ ਕਿਸੇ ਇੱਕ ਵਿਅਕਤੀ ਦੀ ਰਾਖੀ ਲਈ ਖੜ ਗਈ, ਜੋ ਸਿੱਖ ਸੰਸਥਾ ਲਈ ਮੰਦਭਾਗੀ ਗੱਲ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੇ ਫ਼ੈਸਲੇ ਨੇ ਕਈ ਹੋਰ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ। ਐੱਸਜੀਪੀਸੀ ਵਿੱਚ ਸੇਵਾਦਾਰ ਤੋਂ ਲੈ ਕੇ ਮੈਨੇਜਰ ਤੱਕ ਗ੍ਰੰਥੀ ਸਾਹਿਬਾਨ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਹਰ ਵਿਅਕਤੀ ਦਾ ਪੂਰਾ ਪਿਛੋਕੜ ਤੇ ਸਮਾਜਿਕ ਜੀਵਨ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਜਿਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਹਰ ਨਿਯੁਕਤੀ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਹੋਈ ਸੀ ਪ੍ਰੰਤੂ ਇਹ ਐੱਸਜੀਪੀਸੀ ਤੇ ਸਵਾਲੀਆ ਚਿੰਨ੍ਹ ਹੈ ਕਿ ਹੁਣ ਪੁਰਾਣੇ ਦੋਸ਼ ਨੂੰ ਵਿਚਾਰਨ ਦੀ ਅਚਾਨਕ ਕਿਉਂ ਲੋੜ ਪਈ? ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਦਮਦਮਾ ਸਾਹਿਬ ਦੀ ਫ਼ਸੀਲ ਤੋਂ ਖਾਲਸਾ ਪੰਥ ਤੇ ਗੁਰੂ ਦੀ ਹਜ਼ੂਰੀ ਵਿੱਚ ਦਿੱਤੇ ਸਪਸ਼ਟੀਕਰਨ ਤੇ ਜੇਕਰ ਐਸਜੀਪੀਸੀ ਭਰੋਸਾ ਨਹੀਂ ਕਰਦੀ ਫਿਰ ਹੋਰ ਕੌਣ ਕਰੇਗਾ? ਉਨ੍ਹਾਂ ਆਖਿਆ ਕਿ ਐੱਸਜੀਪੀਸੀ ਲਈ ਇਹ ਇਮਤਿਹਾਨ ਦੀ ਘੜੀ ਹੈ ਕਿ ਉਹ ਜਥੇਦਾਰ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਖੜਦੀ ਹੈ ਜਾਂ ਜਥੇਦਾਰ ਸਾਹਿਬ ਦੇ ਹੱਕ ‘ਚ।