ਸਾਬਕਾ ਚੇਅਰਮੈਨ ਨੂੰ ਸਮਰਪਿਤ ਡਾਇਰੈਕਟਰੀ ਰਿਲੀਜ਼
ਮੋਹਾਲੀ, 18 ਦਸੰਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਬੋਰਡ ਦੀ ਰਿਟਾਈਰੀਜ ਐਸੋਸੀਏਸ਼ਨ ਵੱਲੋਂ ਪੈਨਸ਼ਨਰਜ਼ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਹਿਲੇ ਪੜਾਅ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਡਾ. ਗੁਰਵਿੰਦਰ ਸਿੱਧੂ, ਦਰਸ਼ਨ ਤਿਊਣਾ, ਹਰਮਿੰਦਰ ਸਿੰਘ, ਰਤਨ ਬਾਬਕਵਾਲਾ, ਹਰਪ੍ਰੀਤ ਕੌਰ, ਹਰਸਿਮਰਤ ਕੌਰ ਗਰੇਵਾਲ, ਗੁਰਮੇਲ ਸਿੰਘ ਮੋਜੋਵਾਲ, ਅਮਰਜੀਤ ਕੌਰ, ਹਰਭਜਨ ਕੌਰ ਢਿਲੋਂ ਨੇ ਭਾਗ ਲਿਆ। ਚਾਰ ਸਾਲ ਦੀ ਛੋਟੀ ਬੱਚੀ ਮਹਿਤਾਬ ਕੌਰ ਨੇ “ਪੇੜ” ਨਾਂ ਦੀ ਕਵਿਤਾ ਸੁਣਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਕਵੀ ਦਰਬਾਰ ਦੀ ਸਾਰੀ ਕਾਰਵਾਈ ਬੀਬੀ ਅਮਰਜੀਤ ਕੌਰ ਨੇ ਨਿਭਾਈ। ਇਸ ਦੌਰਾਨ ਸਾਰੇ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੋਰਡ ਦੀ ਨਵ ਨਿਯੁਕਤ ਸਕੱਤਰ ਮੈਡਮ ਪਰਲੀਨ ਕੌਰ ਬਰਾੜ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ/ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇ ਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸਕੱਤਰ ਮੈਡਮ ਵੱਲੋਂ ਰਿਟਾਈਰੀਜ਼ ਐਸੋਸੀਏਸ਼ਨ ਵੱਲੋਂ ਤਿਆਰ ਕਰਵਾਈ ਸਮੂੰਹ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦੀ ਡਾਇਰੈਕਟਰੀ ਵੀ ਰੀਲੀਜ ਕੀਤੀ ਗਈ। ਇਹ ਡਾਇਰੈਕਟਰੀ ਬੋਰਡ ਦੇ ਸਾਬਕਾ ਚੇਅਰਮੈਨ ਲੇਟ ਪ੍ਰੋ. ਗੁਰਬਖਸ਼ ਸਿੰਘ ਸ਼ੇਰਗਿਲ ਜੀ ਨੂੰ ਸਮਰਪਿਤ ਕੀਤੀ ਗਈ, ਜਿਨ੍ਹਾਂ ਬੋਰਡ ਵਿਚ ਪੈਨਸ਼ਨ ਬਿਨਾਂ ਮੰਗੇ ਹੀ ਲਾਗੂ ਕੀਤੀ। ਇਹ ਅਹਿਸਾਨ ਬੋਰਡ ਦੇ ਸੇਵਾ ਮੁਕਤ ਕਰਮਚਾਰੀ ਸਾਰੀ ਉਮਰ ਨਹੀਂ ਭੁਲਣਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉਨ੍ਹਾਂ ਦੇ ਪ੍ਰੀਵਾਰ ਦੇ ਮੈਂਬਰ ਸੂਰਜ ਪ੍ਰਕਾਸ਼ ਸਿੰਘ ਦੀਪਕ ਵੀ ਹਾਜ਼ਰ ਸਨ। ਉਨ੍ਹਾਂ ਵੀ ਰਿਟਾਈਰੀਜ਼ ਐਸੋਸੀਏਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਕਿ ਸਾਡੇ ਬਜੁਰਗਾਂ ਦੇ ਮੁਲਾਜ਼ਮ ਭਲਾਈ ਕੰਮ ਦੀ ਕਦਰ ਕੀਤੀ ਗਈ ਹੈ।
ਇਸ ਸਮੇਂ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ 6 ਸੀਨੀਅਰ ਮੈਂਬਰਾਂ ਸ੍ਰੀ ਕੇ.ਕੇ. ਗਰਗ, ਸੁਰਜੀਤ ਸਿੰਘ ਮੱਲ੍ਹੀ, ਉਸ਼ਾ ਸ਼ਰਮਾ, ਹਰਜਿੰਦਰ ਕੌਰ ਜੰਡੂ, ਬਲਦੇਵ ਕ੍ਰਿਸ਼ਨ ਅਤੇ ਗੁਰਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਬੋਰਡ ਦੀ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਰਮਨਦਪ ਕੌਰ ਗਿੱਲ ਅਤੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਆਪਣੇ ਵਿਚਾਰ ਰੱਖੇ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਸਮੇਂ ਰਿਟਾਈਰੀਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਲਮੇਲ ਸਿੰਘ ਮੋਜੋਵਾਲ ਨੇ ਸਟੇਜ ਦੀ ਕਾਰਵਾਈ ਸਫਲਤਾਪੂਰਵਕ ਨਿਭਾਈ।
ਅੰਤ ਵਿੱਚ ਐਸੋਸੀਏਸ਼ਨ ਤੇ ਪ੍ਰਧਾਨ ਨੇ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਹਰਿੰਦਰਪਾਲ ਸਿੰਘ ਹੌਰੀ ਨੇ ਦਿੱਤੀ। ਅੰਤ ਵਿੱਚ ਸਾਰੇ ਸਾਥੀਆਂ ਨੇ ਇਕੱਠੇ ਬੈਠ ਕੇ ਲੰਗਰ ਛੱਕਿਆ।