ਬਠਿੰਡਾ, 18 ਦਸੰਬਰ,ਬੋਲੇ ਪੰਜਾਬ ਬਿਊਰੋ :
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੇ ਨੌਜਵਾਨ ਦੀ ਸਹੁਰਿਆਂ ਦੇ ਘਰ ਪਿੰਡ ਭੁੱਚੋ ਕਲਾਂ ਵਿਖੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ’ਤੇ ਨੌਜਵਾਨ ਨੂੰ ਮਾਰਨ ਦਾ ਦੋਸ਼ ਲਾ ਕੇ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਥਾਣਾ ਕੈਂਟ ਅੱਗੇ ਧਰਨਾ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਥਾਣਾ ਕੈਂਟ ਅੱਗੇ ਨਾਅਰੇਬਾਜ਼ੀ ਕੀਤੀ ਗਈ।
ਮ੍ਰਿਤਕ ਦੀ ਭੈਣ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਸਹੁਰੇ ਪਰਿਵਾਰ ਨੇ ਕਤਲ ਕਰਨ ਤੋਂ ਬਾਅਦ ਗਲੀ ਵਿਚ ਸੁੱਟ ਦਿੱਤਾ ਅਤੇ ਫੋਨ ਕਰਕੇ ਕਿਹਾ ਕਿ ਉਸ ਨੂੰ ਚੁੱਕ ਕੇ ਲੈ ਜਾਣ। ਪੀੜਤ ਨੇ ਦੱਸਿਆ ਕਿ ਜਦੋਂ ਉਹ ਪਿੰਡ ਭੁੱਚੋ ਕਲਾਂ ਪਹੁੰਚੇ ਤਾਂ ਉਸਦੇ ਭਰਾ ਦੀ ਕੁੱਟਮਾਰ ਕਾਰਨ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਕਤਲ ਕਰਨ ਲਈ ਹੀ ਪਿੰਡ ਭੁੱਚੋ ਕਲਾਂ ਵਿਖੇ ਬੁਲਾਇਆ ਸੀ।
ਡੀਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੱਖੋ ਕੇ ਦਾ ਨੌਜਵਾਨ ਕੁਲਦੀਪ ਸਿੰਘ ਆਪਣੇ ਸਹੁਰੇ ਘਰ ਪਿੰਡ ਭੁੱਚੋ ਕਲਾਂ ਆਇਆ ਸੀ, ਜਿੱਥੇ ਉਸਨੇ ਸਲਫਾਸ ਨਿਗਲ ਲਈ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਅੱਜ ਬਿਆਨ ਦਰਜ ਕਰਵਾਏ ਹਨ, ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।