ਐਡਵੋਕੇਟ ਧਾਮੀ ਦੀ ਸ਼ਖ਼ਸੀਅਤ ਬਾਰੇ ਗਲਤ ਬਿਆਨਬਾਜ਼ੀ ਕਰਨੀ ਜਾਇਜ਼ ਨਹੀਂ- ਭਾਈ ਮਹਿਤਾ, ਸ. ਭਿੱਟੇਵਡ, ਐਡਵੋਕੇਟ ਸਿਆਲਕਾ

ਪੰਜਾਬ

ਅੰਮ੍ਰਿਤਸਰ, 17 ਦਸੰਬਰ,ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਸ. ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਐਡਵੋਕੇਟ ਧਾਮੀ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਤਾਜ਼ਾ ਉਠੇ ਮਾਮਲੇ ਵਿਚ ਆਪਣਾ ਨੈਤਿਕ ਫ਼ਰਜ਼ ਸਮਝਦਿਆਂ ਖੁੱਲ੍ਹੇ ਮਨ ਨਾਲ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਕ ਪੱਤਰਕਾਰ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਐਡਵੋਕੇਟ ਧਾਮੀ ਵੱਲੋਂ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਲੁਕਾਅ ਨਹੀਂ ਰੱਖਿਆ ਅਤੇ ਆਪਣੇ ਸੁਭਾਅ ਅਨੁਸਾਰ ਸੱਚ ’ਤੇ ਖੜ੍ਹਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਲਿਖ ਕੇ ਹੋਈ ਗ਼ਲਤੀ ਦਾ ਅਹਿਸਾਸ ਕੀਤਾ ਹੈ। ਇਹ ਉਨ੍ਹਾਂ ਦਾ ਵਡੱਪਣ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮਹਿਲਾ ਕਮਿਸ਼ਨ ਪੰਜਾਬ ਨੂੰ ਮਿਲ ਕੇ ਵੀ ਮੁਆਫ਼ੀ ਸਬੰਧੀ ਪੱਤਰ ਸੌਂਪਿਆ ਹੈ।
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਸਿਆਸੀ ਭਾਵਨਾ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਤਰ੍ਹਾਂ ਠੀਕ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਹਮੇਸ਼ਾ ਸਚ ਦੇ ਨਾਲ ਖੜ੍ਹੇ ਰਹੇ ਹਨ ਅਤੇ ਇਕ ਪੱਤਰਕਾਰ ਵੱਲੋਂ ਬੀਬੀ ਜੀ ਦੇ ਹਵਾਲੇ ਨਾਲ ਗਲਤ ਇਲਜਾਮ ਲਗਾਏ ਜਾਣ ’ਤੇ ਅਚੇਤ ਵਿਚ ਨਿਕਲੇ ਬੋਲਾਂ ਦਾ ਉਨ੍ਹਾਂ ਅਹਿਸਾਸ ਕਰਕੇ ਆਪਣੇ ਆਪ ਨੂੰ ਸੱਚ ਦੇ ਰੂਬਰੂ ਕੀਤਾ ਹੈ। ਇਸ ਮਾਮਲੇ ਉਤੇ ਹੁਣ ਸਿਆਸੀ ਬਿਆਨਬਾਜੀ ਕਰਨੀ ਠੀਕ ਨਹੀਂ ਹੈ।
ਮੈਂਬਰ ਸਾਹਿਬਾਨ ਨੇ ਇਸ ਗੱਲ ਉੱਤੇ ਵੀ ਚਿੰਤਾ ਪ੍ਰਗਟਾਈ ਕਿ ਨਿੱਜਤਾ ਦੀਆਂ ਹੱਦਾਂ ਪਾਰ ਕਰਕੇ ਬਿਨਾਂ ਦੱਸੇ ਕਿਸੇ ਦੀ ਰਿਕਾਰਡਿੰਗ ਕਰਨੀ ਸਮਾਜ ਲਈ ਇੱਕ ਖਤਰਨਾਕ ਰੁਝਾਨ ਹੈ। ਅਜਿਹਾ ਕਰਨ ਵਾਲਿਆਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।