ਕਪੂਰਥਲਾ, 15 ਦਸੰਬਰ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹੇ ਦੇ ਇਕ ਕਿਸਾਨ ਪਾਸੋਂ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਨਾ ਦੇਣ ’ਤੇ ਉਸਦਾ ਅਤੇ ਉਸਦੇ ਬੱਚਿਆਂ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਹੈ। ਫਿਰੌਤੀ ਦੀ ਮੰਗ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਸਾਥੀ ਦੱਸਿਆ ਹੈ। ਥਾਣਾ ਸਦਰ ਦੀ ਪੁਲਿਸ ਵੱਲੋਂ ਪੀੜਤ ਕਿਸਾਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਕਿਸਾਨ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਨੂੰ ਇਕ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਆਈ ਅਤੇ ਕਿਹਾ ਗਿਆ ਕਿ ਉਹ ਬਠਿੰਡਾ ਜੇਲ੍ਹ ’ਚੋਂ ਲਾਰੈਂਸ ਬਿਸ਼ਨੋਈ ਦਾ ਬੰਦਾ ਬੋਲ ਰਿਹਾ ਹੈ ਅਤੇ ਕਿਹਾ ਕਿ ਜਿਹੜੇ ਝਗੜੇ ਵਿਚ ਤੂੰ ਪਿਆ ਹੈਂ, ਇਸ ਵਿਚੋਂ ਬਾਹਰ ਨਿਕਲ ਜਾ ਨਹੀਂ ਤਾਂ 2 ਦਿਨ ਦੇ ਅੰਦਰ-ਅੰਦਰ ਤੇਰੇ ਬੱਚਿਆਂ ਅਤੇ ਤੇਰੇ ਹੋਰ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਕੀਤਾ ਜਾਵੇਗਾ। ਜੇਕਰ ਤੂੰ ਆਪਣਾ ਪਰਿਵਾਰ ਅਤੇ ਬੱਚੇ ਬਚਾਉਣਾ ਚਾਹੁੰਦਾ ਹੈ ਤਾਂ 50 ਲੱਖ ਰੁਪਏ ਦੇਣੇ ਪੈਣਗੇ।
ਕਿਸਾਨ ਨੇ ਦੱਸਿਆ ਕਿ 10 ਦਸੰਬਰ ਦੀ ਰਾਤ ਨੂੰ ਕਰੀਬ 9.50 ’ਤੇ ਉਸਨੂੰ ਕਾਲ ਆਈ ਅਤੇ ਉਸਨੇ ਉਹ ਕਾਲ ਰਸੀਵ ਨਹੀਂ ਕੀਤੀ, ਫਿਰ 11 ਦਸੰਬਰ ਨੂੰ ਕਰੀਬ 9:30 ਵਜੇ ਦੁਬਾਰਾ ਫਿਰ ਉਸ ਨੰਬਰ ਤੋਂ ਕਾਲ ਆਈ ਤਾਂ ਉਕਤ ਕਾਲ ਕਰਨ ਵਾਲੇ ਨੇ ਉਸਨੂੰ ਧਮਕੀਆਂ ਦਿੰਦੇ ਹੋਏ ਪੈਸਿਆਂ ਦੀ ਮੰਗ ਕੀਤੀ।
ਇਸ ਸਬੰਧ ਵਿਚ ਡੀਐੱਸਪੀ ਸਬ ਡਵੀਜ਼ਨ ਕਪੂਰਥਲਾ ਦੀਪ ਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।