ਪੱਟੀ, 15 ਦਸੰਬਰ,ਬੋਲੇ ਪੰਜਾਬ ਬਿਊਰੋ :
ਪੱਟੀ ਸੈਨਾ ਛਾਉਣੀ ਨੇੜੇ ਸਰਹਾਲੀ ਰੋਡ ਉੱਤੇ ਛੋਟੀ ਰੋਹੀ ਦੇ ਲੋਹੇ ਦੇ ਪੁਲ, ਜਿਸ ਦੀ ਸਾਈਡ ਰੇਲਿੰਗ ਗੁੰਮ ਹੋ ਚੁੱਕੀ ਹੈ, ਤੋਂ ਮੋਟਰਸਾਈਕਲ ਰੋਹੀ ਵਿੱਚ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਗੁਰਜੰਟ ਸਿੰਘ ਪੁੱਤਰ ਬਾਲ ਸਿੰਘ ਵਾਸੀ ਭੱਠੇਭੈਣੀ ਪੱਟੀ ਨੇ ਦੱਸਿਆ ਕਿ ਮੇਰੇ ਭਰਾ ਜੁਗਰਾਜ ਸਿੰਘ, ਉਮਰ 28 ਸਾਲ ਨੇ ਰੋਜ਼ਗਾਰ ਲਈ ਅਗਲੇ ਦਿਨ ਦੁਬਈ ਜਾਣਾ ਸੀ ਅਤੇ ਐਤਵਾਰ ਦੀ ਫਲਾਈਟ ਦੀ ਟਿਕਟ ਹੈ।ਬੀਤੀ ਸ਼ਾਮ ਲਗਭਗ 4 ਵਜੇ ਕੁਝ ਜ਼ਰੂਰੀ ਸਮਾਨ ਖਰੀਦਣ ਲਈ ਉਹ ਮੋਟਰਸਾਈਕਲ ’ਤੇ ਪੱਟੀ ਜਾ ਰਿਹਾ ਸੀ।
ਇਸ ਦੌਰਾਨ, ਅਚਾਨਕ ਉਸਦਾ ਸੰਤੁਲਨ ਖਰਾਬ ਹੋ ਗਿਆ ਅਤੇ ਪੁਲ ਦੀ ਰੇਲਿੰਗ ਨਾ ਹੋਣ ਦੇ ਕਾਰਨ ਉਹ ਰੋਹੀ ਵਿੱਚ ਡਿੱਗ ਗਿਆ। ਰੋਹੀ ਦੇ ਅੰਦਰ ਦਲਦਲ ਹੋਣ ਕਰਕੇ ਉਹ ਫੱਸ ਗਿਆ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਤੋਂ ਉਸਦੇ ਡਿੱਗਣ ਦੀ ਜਾਣਕਾਰੀ ਮਿਲੀ, ਅਸੀ ਉਸਨੂੰ ਬਾਹਰ ਕੱਢਿਆ ਅਤੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਦੇ ਚਾਚਾ ਗੁਰਵੇਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ।