ਅੰਮ੍ਰਿਤਸਰ, 15 ਦਸੰਬਰ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਠ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਨ। ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਇੱਕ ਗੁਪਤ ਓਪਰੇਸ਼ਨ ਦੌਰਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਫੜੇ ਗਏ ਸ਼ੱਕੀ ਵਿਦੇਸ਼ (ਯੂਕੇ) ਵਿੱਚ ਬੈਠੇ ਹੈਂਡਲਰ ਧਰਮਾ ਸੰਧੂ ਨਾਲ ਜੁੜੇ ਹੋਏ ਹਨ। ਪੁਲਿਸ ਨੇ ਦੋਸ਼ੀਆਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਪੁਲਿਸ ਦੇ ਇਸ ਓਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਪੁਲਿਸ ਨੇ 4.5 ਕਿਲੋਗ੍ਰਾਮ ਹੈਰੋਇਨ, 2 ਗਲੌਕ ਪਿਸਤੌਲ (9ਐਮਐਮ), 2 ਪਿਸਤੌਲ (30 ਬੋਰ), ਇੱਕ ਪਿਸਤੌਲ (32 ਬੋਰ), ਇੱਕ ਜਿਗਾਨਾ ਪਿਸਤੌਲ (30 ਬੋਰ), 16 ਜਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਫ਼ਿਲਹਾਲ ਪੁਲਿਸ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੇ ਪਿਛਲੇ ਅਤੇ ਅਗਲੇ ਲਿੰਕ ਦੀਆਂ ਜਾਣਕਾਰੀਆਂ ਲੈ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਘੰਰੀਂਡਾ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਓਪਰੇਸ਼ਨ ਤਹਿਤ ਨਾ ਸਿਰਫ਼ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਤੇ ਵੱਡਾ ਵਾਰ ਕੀਤਾ ਹੈ, ਸਗੋਂ ਉਨ੍ਹਾਂ ਦੀ ਸਪਲਾਈ ਨਾਲ ਜੁੜੇ ਪਿਛਲੇ ਅਤੇ ਸੰਭਾਵਿਤ ਨੈੱਟਵਰਕ ਬਾਰੇ ਪਤਾ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਪਤਾ ਲਗਾ ਰਹੀ ਹੈ ਕਿ ਦੋਸ਼ੀ ਕਿੱਥੋਂ ਹਥਿਆਰ ਮੰਗਵਾਉਂਦੇ ਸਨ ਅਤੇ ਉਨ੍ਹਾਂ ਦਾ ਇਸਤੇਮਾਲ ਕਿੱਥੇ ਕੀਤਾ ਜਾਣਾ ਸੀ। ਇਸੇ ਤਰ੍ਹਾਂ, ਨਸ਼ਿਆਂ ਦੀ ਖੇਪ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।