ਚੰਡੀਗੜ੍ਹ 14 ਦਸੰਬਰ ,ਬੋਲੇ ਪੰਜਾਬ ਬਿਊਰੋ :
ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜਾ ਸਲਾਨਾ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਦੇ ਕਾਰਜਕਾਰੀ ਪ੍ਰਧਾਨ ਭਾਈ ਸਵਰਨ ਸਿੰਘ ਬਿੱਟੂ ਅਤੇ ਹੈਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਨੇ ਦੱਸਿਆ ਕਿ ਪੰਥ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਏ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਗੁਰੂ ਘਰਾਂ ਵਿੱਚ ਹਾਜ਼ਰੀ ਭਰਦਿਆਂ ਇਹਨਾਂ ਮਹਾਨ ਸ਼ਹੀਦਾਂ ਨੂੰ ਸਿੱਜਦਾ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਭਾਈ ਸਾਹਿਬ ਸਿੰਘ ਹਜੂਰੀ ਰਾਗੀ , ਬੀਬੀ ਸਿਮਰਨ ਕੌਰ ਲੁਧਿਆਣਾ, ਸਰਬ ਰੋਗ ਕਾ ਆਉਖਧ ਦਾ ਨਾਮ ਸੁਸਾਇਟੀ ਜਗਰਾਉਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੋਰਿੰਡਾ ਦੇ ਕੀਰਤਨੀ ਜਥੇ ਵੱਲੋਂ ਅਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਭਾਈ ਹਰਵਿੰਦਰ ਸਿੰਘ ਜਵੱਦੀ ਟਕਸਾਲ, ਹਜੂਰੀ ਰਾਗੀ ਸ੍ਰੀ ਕੋਤਵਾਲੀ ਸਾਹਿਬ, ਹੈਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਮਨੈਲੀ, ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਅਤੇ ਭਾਈ ਬਲਜੀਤ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਵੱਲੋ ਕਥਾ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਵੱਲੋਂ ਕੀਤੀ ਲਾਸਾਨੀ ਅਤੇ ਅਦੁਤੀ ਸ਼ਹਾਦਤ ਤੋਂ ਜਾਣੂ ਕਰਵਾਇਆ ਅਤੇ ਨੌਜਵਾਨ ਪੀੜੀ ਨੂੰ ਸਾਹਿਬਜ਼ਾਦਿਆਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਚੈਕਿੰਗ ਲਈ ਵੱਖੋ ਵੱਖਰੇ ਕੈਂਪ ਲਗਾਏ ਗਏ । ਪੰਥ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਸੰਗਤਾਂ ਲਈ ਜਿੱਥੇ ਡੇਰਾ ਕਾਰ ਸੇਵਾ ਮੋਰਿੰਡਾ ਦੇ ਸੇਵਾਦਾਰਾਂ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ, ਉੱਥੇ ਹੀ ਸ਼ਹਿਰਾਂ ਤੇ ਇਲਾਕੇ ਦੇ ਸਿੱਖ ਯੂਥ ਵੱਲੋਂ ਭਾਈ ਬਿਕਰਮ ਸਿੰਘ ਜੁਗਨੂ, ਧਰਮਿੰਦਰ ਸਿੰਘ ਕੋਟਲੀ, ਮਨਦੀਪ ਸਿੰਘ ਰੌਣੀ ਅਤੇ ਰਾਜਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੰਗਤਾਂ ਲਈ ਪਰੌਂਠਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਹੈਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਨੇ ਦੱਸਿਆ ਕਿ 15 ਦਸੰਬਰ ਨੂੰ ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਅੰਬ ਸਾਹਿਬ ਮੋਹਾਲੀ ,ਬੀਬੀ ਅਮਨਦੀਪ ਕੌਰ ਪਟਨਾ ਸਾਹਿਬ ਵਾਲੇ, ਭਾਈ ਨਰਿੰਦਰ ਸਿੰਘ ਅਤੇ ਕਥਾਵਾਚਕ ਭਾਈ ਗੁਰਬਾਜ ਸਿੰਘ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ , ਅਤੇ ਢਾਡੀ ਜਸਪਾਲ ਸਿੰਘ ਤਾਨ, ਢਾਡੀ ਅਵਤਾਰ ਸਿੰਘ ਆਲਮ, ਢਾਡੀ ਜਸਵੰਤ ਸਿੰਘ ਬੈਂਸ ਅਤੇ ਢਾਡੀ ਸੁਖਵਿੰਦਰ ਸਿੰਘ ਕੁੱਬਾਹੇੜੀ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ।