ਤਰਨਤਾਰਨ, 14 ਦਸੰਬਰ,ਬੋਲੇ ਪੰਜਾਬ ਬਿਊਰੋ :
ਸਕੂਲ ਦੇ ਮੈਦਾਨ ਵਿੱਚ 11ਵੀਂ ਕਲਾਸ ਦੀ ਇੱਕ ਵਿਦਿਆਰਥਣ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਸਕੂਲ ਵਿੱਚ ਲਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ।
ਜ਼ਿਲ੍ਹਾ ਤਰਨਤਾਰਨ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਕੌਰ (15) ਜੋ ਪਿੰਡ ਰਾਹਲ ਚਾਹਲ ਦੀ ਰਹਿਣ ਵਾਲੀ ਸੀ, ਸ਼ੁੱਕਰਵਾਰ ਨੂੰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਦੇ ਸਮੇਂ ਸਕੂਲ ਦੇ ਮੈਦਾਨ ਵਿੱਚ ਦੌੜ ਰਹੀ ਸੀ। ਕਿਉਂਕਿ ਉਸਦਾ ਵਜ਼ਨ ਜ਼ਰੂਰਤ ਤੋਂ ਵੱਧ ਸੀ ਅਤੇ ਆਪਣੇ ਮਾਪਿਆਂ ਦੀ ਸਲਾਹ ’ਤੇ ਵਜ਼ਨ ਘਟਾਉਣ ਲਈ ਦੂਜੇ ਦਿਨ ਸਕੂਲ ਦੌੜਣ ਆਈ ਸੀ। ਹਰਲੀਨ ਕੌਰ ਨੇ ਅਜੇ ਮੈਦਾਨ ਦਾ ਸਿਰਫ਼ ਇੱਕ ਚੱਕਰ ਹੀ ਲਗਾਇਆ ਸੀ ਕਿ ਉਹ ਅਚਾਨਕ ਜ਼ਮੀਨ ’ਤੇ ਡਿੱਗ ਪਈ।
ਇਸ ਦੌਰਾਨ ਸਕੂਲ ਦੇ ਮਾਲਿਕ ਗੁਰਪ੍ਰਤਾਪ ਸਿੰਘ ਪੰਨੂ ਉਸ ਨੂੰ ਆਪਣੀ ਗੱਡੀ ਵਿੱਚ ਨੇੜਲੇ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰੀ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਤ ਦਾ ਕਾਰਣ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਮਾਲਿਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ 11ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਆਰਟਸ ਦੀ ਪੜਾਈ ਕਰ ਰਹੀ ਸੀ। ਉਸਨੂੰ ਉਸਦਾ ਵੱਡਾ ਭਰਾ ਕੱਲ ਸ਼ਾਮ ਨੂੰ ਸਕੂਲ ਦੌੜਣ ਲਈ ਛੱਡ ਕੇ ਗਿਆ ਸੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਹਰਲੀਨ ਕੌਰ ਦਾ ਅੱਜ ਪਿੰਡ ਰਾਹਲ ਚਾਹਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।