ਸ਼ੰਭੂ, 14 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਕਿਸਾਨਾਂ ਨੇ ਰਾਜ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਪੱਸ਼ਟ ਕੀਤਾ ਕਿ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦੌਰਾਨ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਵੀ ਤਹਿ ਕੀਤੀ ਜਾਵੇਗੀ।
ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਅਤੇ ਵਿਰੋਧੀ ਧਿਰਾਂ ਦੋਵੇਂ ਹੀ ਸੰਸਦ ਵਿੱਚ ਕਿਸਾਨਾਂ ਦੇ ਮੁੱਦੇ ਨਹੀਂ ਚੁੱਕ ਰਹੀਆਂ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਪੰਧੇਰ ਨੇ ਕਿਹਾ “ਕਿਸਾਨਾਂ ਦੀ ਆਵਾਜ਼ 140 ਕਰੋੜ ਲੋਕਾਂ ਤੱਕ ਪਹੁੰਚ ਰਹੀ ਹੈ ਪਰ ਇਹ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚ ਰਹੀ। ਸਾਡੇ ਇਸ ਮੁੱਦੇ ‘ਤੇ ਸਾਰੇ ਭਾਰਤ ਨੂੰ ਇਕਜੁੱਟ ਹੋਣਾ ਪਵੇਗਾ।”
ਪੰਧੇਰ ਨੇ ਹਰਿਆਣਾ ਪੁਲੀਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ, “ਕੀ ਪੈਦਲ ਚੱਲਦੇ 100 ਕਿਸਾਨ ਦੇਸ਼ ਲਈ ਖਤਰਨਾਕ ਹੋ ਸਕਦੇ ਹਨ?”
ਪਹਿਲਵਾਨ ਬਜਰੰਗ ਪੂਨੀਆ, ਜੋ ਹਰਿਆਣਾ-ਪੰਜਾਬ ਸ਼ੰਭੂ ਬਾਰਡਰ ‘ਤੇ ਮੌਜੂਦ ਸਨ, ਨੇ ਕਿਹਾ, “ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਰੋਕ ਨਹੀਂ ਰਹੇ, ਦੂਜੇ ਪਾਸੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਵਰਤੀਆਂ ਜਾ ਰਹੀਆਂ ਹਨ, ਜਿਵੇਂ ਇਹ ਪਾਕਿਸਤਾਨ ਦੀ ਸਰਹੱਦ ਹੋਵੇ।”
ਸਰਵਣ ਸਿੰਘ ਪੰਧੇਰ ਨੇ ਸਵਾਲ ਕੀਤਾ ਕਿ ਜਦੋਂ ਹੋਰ ਆਗੂ ਦਿੱਲੀ ‘ਚ ਪ੍ਰਦਰਸ਼ਨ ਕਰਨ ਜਾਂਦੇ ਹਨ ਤਾਂ ਕੀ ਉਹ ਇਜਾਜ਼ਤ ਲੈਂਦੇ ਹਨ? ਕਿਸਾਨ ਤਾਂ ਸਿਰਫ਼ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਮੰਗ ਕਰ ਰਹੇ ਹਨ।