ਅੰਮ੍ਰਿਤਸਰ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਲ ਹੀ ਵਿੱਚ ਆਪਣੇ ਬਿਆਨਾਂ ਲਈ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਤੋਂ ਖੁੱਲ੍ਹੇ ਤੌਰ ’ਤੇ ਮੁਆਫੀ ਮੰਗੀ ਹੈ। ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਲਿਖਤੀ ਪੱਤਰ ਸੌਂਪਿਆ ਅਤੇ ਇਸ ਸਬੰਧੀ ਇੱਕ ਵੀਡੀਓ ਜਾਰੀ ਕਰਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ।
ਧਾਮੀ ਨੇ ਕਿਹਾ, “ਮੇਰੇ ਮੁਖ ਤੋਂ ਅਣਜਾਣੇ ਵਿਚ ਕਈ ਅਪਸ਼ਬਦ ਨਿਕਲੇ ਹਨ, ਜੋ ਗਲਤ ਹਨ। ਕਈ ਵਾਰ ਗੁੱਸੇ ਵਿੱਚ ਇਨਸਾਨ ਅਜਿਹੇ ਬੋਲ ਕਹਿ ਜਾਂਦਾ ਹੈ, ਜੋ ਉਸਦੀ ਮਾਨਸਿਕਤਾ ਨੂੰ ਦਰਸਾਉਂਦੇ ਨਹੀਂ। ਮੈਂ ਪੂਰੀ ਔਰਤ ਸ਼੍ਰੇਣੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਦਿਲੋਂ ਮੁਆਫੀ ਮੰਗਦਾ ਹਾਂ।”
ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਮੁਆਫੀ ਦੇ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਵੀ ਹੁਕਮ ਕਰਨਗੇ, ਉਹ ਉਸਨੂੰ ਮੰਨਣਗੇ।
ਇਹ ਮੁਆਫੀ ਉਸ ਸਮੇਂ ਦੇਣੀ ਪਈ ਜਦੋਂ ਧਾਮੀ ਦੀ ਇੱਕ ਟਿੱਪਣੀ ਦਾ ਵੀਡੀਓ ਵਾਇਰਲ ਹੋ ਗਿਆ। ਇਸ ਵਿਚ ਬੀਬੀ ਜਗੀਰ ਕੌਰ ਅਤੇ ਔਰਤ ਸ਼੍ਰੇਣੀ ਲਈ ਅਪਮਾਨਜਨਕ ਸ਼ਬਦ ਬੋਲਣ ਦੇ ਦੋਸ਼ ਲਗੇ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।