ਚੰਡੀਗੜ੍ਹ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਰੂਸ ਸਰਕਾਰ ਨੇ ਯੂਕਰੇਨ ਦੇ ਜ਼ਾਪੋਰੀਝਿਆ ਵਿੱਚ 12 ਮਾਰਚ ਨੂੰ ਯੁੱਧ ਦੌਰਾਨ ਮਾਰੇ ਗਏ ਪੰਜਾਬੀ ਮੂਲ ਦੇ ਤੇਜਪਾਲ ਸਿੰਘ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਸਥਾਈ ਨਿਵਾਸ (PR) ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ PR ਮਿਲ ਚੁੱਕੀ ਹੈ। ਪਰਿਵਾਰ ਦੇ ਹੋਰ ਮੈਂਬਰਾਂ, ਤੇਜਪਾਲ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੂਸ ਪਹੁੰਚਣ ’ਤੇ ਸਥਾਈ ਨਿਵਾਸ ਪ੍ਰਦਾਨ ਕੀਤਾ ਜਾਵੇਗਾ। ਪਰਮਿੰਦਰ ਨੇ ਦੱਸਿਆ ਕਿ ਰੂਸ ਸਰਕਾਰ ਮਾਰਚ ਤੋਂ ਹੀ ਉਨ੍ਹਾਂ ਦੇ ਬੱਚਿਆਂ, ਸੱਤ ਸਾਲ ਦੇ ਅਰਮਿੰਦਰ ਸਿੰਘ ਅਤੇ ਚਾਰ ਸਾਲ ਦੀ ਗੁਰਨਾਜਦੀਪ ਕੌਰ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਰਹਿਣ-ਖਾਣ ਦੇ ਖਰਚ ਲਈ 20,000 ਰੁਪਏ ਮਹੀਨਾਵਾਰ ਭੱਤਾ ਦੇ ਰਹੀ ਹੈ।
ਤੇਜਪਾਲ ਸਿੰਘ ਦੇ ਦੁਖੀ ਪਰਿਵਾਰ ਨੇ ਦੱਸਿਆ ਕਿ ਰੂਸ ਨੇ ਇਹ ਸਹਾਇਤਾ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਹੈ। ਹਾਲ ਹੀ ਵਿੱਚ ਤਿੰਨ ਮਹੀਨੇ ਲਈ ਮਾਸਕੋ ਦਾ ਦੌਰਾ ਕਰਕੇ ਵਾਪਸ ਆਈ ਪਰਮਿੰਦਰ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੇ ਪਤੀ ਦੇ ਮ੍ਰਿਤਕ ਦੇਹ ਨੂੰ ਸੌਂਪਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ ਵਿੱਚ ਉਹ ਫਿਰ ਮਾਸਕੋ ਜਾਣਗੀਆਂ ਤਾਂ ਜੋ ਬਾਕੀ ਰਹੀ ਕਾਗਜ਼ੀ ਕਾਰਵਾਈ ਪੂਰੀ ਹੋ ਸਕੇ।
ਪਰਿਵਾਰ ਮਈ ਵਿੱਚ ਰੂਸ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਉੱਥੇ ਦੀ ਹੱਡ ਕੰਬਾਊ ਠੰਡ ਕੁਝ ਘੱਟ ਹੋਵੇਗੀ। ਤੇਜਪਾਲ ਦੇ ਮਾਤਾ-ਪਿਤਾ ਦੇ ਰੂਸ ਪਹੁੰਚਣ ’ਤੇ ਉਨ੍ਹਾਂ ਨੂੰ ਵੀ ਉੱਥੇ ਪੈਂਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਪਰਿਵਾਰ ਦੀ ਭਵਿੱਖੀ ਯੋਜਨਾ ਬਾਰੇ ਗੱਲ ਕਰਦਿਆਂ ਪਰਮਿੰਦਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਰੂਸ ਵਿੱਚ ਸਥਾਈ ਤੌਰ ’ਤੇ ਰਹਿਣ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ, ਉਹ ਸਮੇਂ-ਸਮੇਂ ਤੇ ਰੂਸ ਦਾ ਦੌਰਾ ਕਰਦੇ ਰਹਿਣਗੇ। ਪਰਮਿੰਦਰ ਨੇ ਦੱਸਿਆ ਕਿ ਰੂਸ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਸਥਿਤ ਰੂਸੀ ਦੂਤਾਵਾਸ ਤੋਂ ਟੂਰਿਸਟ ਵੀਜ਼ਾ ਮਿਲਿਆ ਸੀ, ਜਿਸ ਰਾਹੀਂ ਉਹ ਮਾਸਕੋ ਗਏ।