ਸ਼੍ਰੀਨਗਰ, 13 ਦਸੰਬਰ,ਬੋਲੇ ਪੰਜਾਬ ਬਿਊਰੋ :
ਕਸ਼ਮੀਰ ਦੇ ਕਈ ਮੈਦਾਨੀ ਖੇਤਰਾਂ ਵਿੱਚ ਵੀਰਵਾਰ ਨੂੰ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਪਹਾੜੀ ਖੇਤਰਾਂ ਵਿੱਚ ਵੀ ਸਫ਼ੇਦ ਚਾਦਰ ਵਿਛ ਜਾਣ ਕਾਰਨ ਸੈਲਾਨੀਆਂ ਦੀ ਗਿਣਤੀ ਵੱਧਣ ਦੀ ਉਮੀਦ ਹੈ। ਜੋਜ਼ੀਲਾ ਪਾਸ ’ਤੇ ਬਰਫ ਜਮਣ ਕਰਕੇ ਸ਼੍ਰੀਨਗਰ-ਲੇਹ ਹਾਈਵੇ ਨੂੰ ਸਾਵਧਾਨੀ ਵਜੋਂ ਟਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ। ਬਾਂਦੀਪੋਰਾ-ਗੁਰੇਜ਼ ਰਸਤਾ, ਸਿੰਥਨ ਟਾਪ ਅਤੇ ਪੁੰਛ ਦੀ ਮੁਗਲ ਰੋਡ ਤੋਂ ਵੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਰਾਜ ਵਿੱਚ ਰਾਤ ਦੇ ਤਾਪਮਾਨ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਕੜਾਕੇ ਦੀ ਠੰਢ ਜਾਰੀ ਹੈ।
ਸ਼੍ਰੀਨਗਰ ਦੇ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 15 ਦਸੰਬਰ ਨੂੰ ਕੁਝ ਖੇਤਰਾਂ ਵਿੱਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਆਉਂਦੇ ਪੰਜ ਦਿਨ ਤੱਕ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ। ਕਸ਼ਮੀਰ ਸਮੇਤ ਹੋਰ ਹਿਸਿਆਂ ਵਿੱਚ ਵੀ ਪੰਜ ਦਿਨ ਤੱਕ ਠੰਡੀਆਂ ਹਵਾਵਾਂ ਚਲਣ ਦੀ ਚੇਤਾਵਨੀ ਦਿੱਤੀ ਗਈ ਹੈ। ਘਾਟੀ ਦੇ ਮੈਦਾਨੀ ਖੇਤਰਾਂ ਵਿੱਚ ਪਹਿਲੀ ਬਰਫਬਾਰੀ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੋਕੇ ’ਤੇ ਰੋਕ ਲੱਗੀ ਹੈ।