ਬਲਾਚੌਰ, 11 ਦਸੰਬਰ,ਬੋਲੇ ਪੰਜਾਬ ਬਿਊਰੋ :
ਬਲਾਚੌਰ ਦੇ ਪਿੰਡ ਚੱਕ ਸਿੰਘਾਂ ਵਿੱਚ ਇੱਕ ਕਿਸਾਨ ਦੀ ਮੋਟਰ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦਾ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਸਮੁੰਦੜਾ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੰਪਾ ਪੁੱਤਰ ਸੰਧਰਾ ਵਾਸੀ ਕੋਲੜਾ ਜ਼ਿਲ੍ਹਾ ਖੂਹੀ ਝਾਰਖੰਡ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦੀ ਮੋਟਰ ‘ਤੇ ਰਹਿ ਰਿਹਾ ਸੀ।
ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਕਾਰਨ ਉਸ ਦੇ ਸਾਥੀਆਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਾਹ-ਫੂਸ ਨਾਲ ਅੱਗ ਲਗਾ ਦਿੱਤੀ ਅਤੇ ਭੱਜ ਗਏ।
ਬਲਵਿੰਦਰ ਸਿੰਘ ਐੱਸ.ਐੱਚ.ਓ. ਗੜ੍ਹਸ਼ੰਕਰ ਅਤੇ ਚੌਕੀ ਇੰਚਾਰਜ ਸਮੁੰਦੜਾ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਅੱਧ ਸੜੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਨੇ ਨਿਵਾਸ ਟੁਕਨੂ ਪੁੱਤਰ ਬੀਟਾ ਟੁਕਨੂ ਵਾਸੀ ਝਾਰਖੰਡ ਅਤੇ ਮ੍ਰਿਤਕ ਰੰਪਾ ਦੀ ਪਤਨੀ ਸੁਸ਼ਮਾ ਕੁਮਾਰੀ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਮਾਮਲੇ ਦੇ ਸਬੰਧ ‘ਚ ਪੁੱਛਗਿੱਛ ਕਰ ਰਹੀ ਹੈ।
