ਗੁਰੂਗ੍ਰਾਮ 10 ਦਸੰਬਰ ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-29 ਸਥਿਤ ਇੱਕ ਪੱਬ ਬਾਰ ਦੇ ਬਾਹਰ ਮੰਗਲਵਾਰ ਸਵੇਰੇ ਦੇਸੀ ਬੰਬ ਸੁੱਟੇ ਗਏ। ਇੱਕ ਬੰਬ ਫਟ ਗਿਆ, ਜਦਕਿ ਦੂਜੇ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਕਾਨੂੰਨ ਵਿਵਸਥਾ ਵੱਲ ਇਸ਼ਾਰਾ ਕਰਦੇ ਹੋਏ ਐਕਸ ‘ਤੇ ਕੇਜਰੀਵਾਲ ਨੇ ਲਿਖਿਆ, “ਪੂਰਾ ਐੱਨਸੀਆਰ ਗੈਂਗਸਟਰਾਂ ਦੇ ਕੰਟਰੋਲ ‘ਚ ਹੈ, ਅਮਿਤ ਸ਼ਾਹ ਲਾਪਤਾ ਹਨ।” ਸੂਚਨਾ ਮਿਲਣ ‘ਤੇ NIA ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੁਰੂਗ੍ਰਾਮ ਪੁਲਿਸ ਵੀ ਮੌਕੇ ‘ਤੇ ਮੌਜੂਦ ਹੈ।
ਨਿਊਜ਼ ਏਜੰਸੀ ਮੁਤਾਬਕ ਧਮਾਕੇ ਵਿੱਚ ਇੱਕ ਸਕੂਟਰ ਅਤੇ ਇੱਕ ਕਲੱਬ ਦਾ ਬੋਰਡ ਨੁਕਸਾਨਿਆ ਗਿਆ। ਹਾਲਾਂਕਿ, ਰੂਟੀਨ ਚੈਕਿੰਗ ਡਿਊਟੀ ‘ਤੇ ਤਾਇਨਾਤ ਗੁਰੂਗ੍ਰਾਮ ਪੁਲਸ ਦੀ ਕ੍ਰਾਈਮ ਬ੍ਰਾਂਚ ਅਤੇ ਸਵੈਟ ਟੀਮ ਨੇ ਦੋਸ਼ੀ ਨੂੰ ਬੰਬ ਸੁੱਟਦੇ ਹੋਏ ਦੇਖਿਆ ਅਤੇ ਉਸ ਨੂੰ ਫੜ ਲਿਆ। ਮੁਲਜ਼ਮ ਦੀ ਪਛਾਣ ਸਚਿਨ ਵਜੋਂ ਹੋਈ ਹੈ। ਸਚਿਨ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਜ਼ਿੰਦਾ ਦੇਸੀ ਬੰਬ ਵੀ ਬਰਾਮਦ ਕੀਤੇ ਹਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਅਗਲੇਰੀ ਜਾਂਚ ਕਰ ਰਹੀ ਹੈ।