ਫਿਲੌਰ, 10 ਦਸੰਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਸਬੰਧੀ ਸਰਵਣ ਸਿੰਘ ਬੱਲ ਡੀ.ਐਸ.ਪੀ. ਫਿਲੌਰ ਨੇ ਗੰਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 3 ਦਿਨਾਂ ਦੇ ਅੰਦਰ-ਅੰਦਰ ਆਪਣੇ ਹਥਿਆਰ ਤੁਰੰਤ ਥਾਣੇ ਵਿਚ ਜਮ੍ਹਾ ਕਰਵਾਉਣ। ਸਰਵਣ ਸਿੰਘ ਬੱਲ ਨੇ ਕਿਹਾ ਕਿ ਜੇਕਰ ਗੰਨ ਮਾਲਕਾਂ ਨੇ ਆਪਣੇ ਹਥਿਆਰ ਜਮ੍ਹਾ ਨਾ ਕਰਵਾਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਲਈ 21 ਦਸੰਬਰ ਨੂੰ ਚੋਣਾਂ ਹੋਣੀਆਂ ਹਨ। 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਹ ਚੋਣ ਈ.ਵੀ.ਐਮ ਰਾਹੀਂ ਕਰਵਾਈ ਜਾਵੇਗੀ।
ਪੰਜਾਬ ਵਿੱਚ ਫਗਵਾੜਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋਣਗੀਆਂ। ਨਿਗਮ ਚੋਣਾਂ ਵਿੱਚ ਕੁੱਲ 37 ਲੱਖ 32 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।