ਢਕਾਨਸੂ ਕਲਾਂ ਵਿਖੇ ਸਕੂਲ ਮੁਖੀ ਦੇ ਉੱਦਮਾਂ ਦੀ ਸਰਾਹਨਾ ਕੀਤੀ
ਮਿਨੀ ਸਾਇੰਸ ਸੈਂਟਰ ਦੇ ਨਾਲ-ਨਾਲ ਵਿਦਿਆਰਥੀਆਂ ਦੇ ਲਈ ਤਿਆਰ ਈ-ਲਾਇਬ੍ਰੇਰੀ ਦੀ ਗੁਣਵੱਤਾ ਨੂੰ ਸਰਾਹਿਆ
ਪਟਿਆਲਾ 10 ਦਸੰਬਰ,ਬੋਲੇ ਪੰਜਾਬ ਬਿਊਰੋ :
ਸਿੱਖਿਆ ਵਿਭਾਗ ਦੇ ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਜ਼ਿਲ੍ਹਾ ਪਟਿਆਲਾ ਬਲਾਕ ਰਾਜਪੁਰਾ ਵਿੱਚ ਪੈਂਦੇ ਪੇਂਡੂ ਖੇਤਰ ਦੇ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਅਤੇ ਹੋਰ ਸਕੂਲਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਢਕਾਨਸੂ ਕਲਾਂ ਦੇ ਹਾਈ ਸਕੂਲ ਦੀ ਈ-ਲਾਇਬ੍ਰੇਰੀ, ਮਿੰਨੀ ਸਾਇੰਸ ਸੈਂਟਰ ਵੀ ਦੇਖਿਆ। ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਸੰਬੰਧੀ ਗੱਲਬਾਤ ਵੀ ਕੀਤੀ। ਸਕੂਲ ਵਿੱਚ ਆਯੋਜਿਤ ਹੋਏ ਵਿੱਦਿਅਕ ਮੇਲੇ ਦੌਰਾਨ ਬੱਚਿਆਂ ਵੱਲੋਂ ਬਣਾਏ ਗਏ ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਵਰਕਿੰਗ ਮਾਡਲ, ਆਡੀਓ-ਵਿਜੂਅਲ ਏਡ ਅਤੇ ਚਾਰਟ ਦੇਖੇ। ਉਹਨਾਂ ਬੱਚਿਆਂ ਦੁਆਰਾ ਦਿੱਤੀ ਗਈ ਪੇਸ਼ਕਾਰੀ ਲਈ ਬੱਚਿਆਂ, ਅਧਿਆਪਕਾਂ ਅਤੇ ਸਕੂਲ ਮੁਖੀ ਦੀ ਸਰਾਹਨਾ ਵੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਡੀ.ਐੱਸ.ਐੱਮ ਪਟਿਆਲਾ ਕਮ ਹੈੱਡ ਮਾਸਟਰ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਨਾਲ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਨੇ ਵੀ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਮਾਪਿਆਂ ਤੋਂ ਵੀ ਸਕੂਲ ਦੀ ਪੜ੍ਹਾਈ ਸੰਬੰਧੀ ਫੀਡਬੈਕ ਲਈ। ਇਸ ਮੌਕੇ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-2, ਪਿੰਡ ਦੇ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਅਤੇ ਪਿੰਡ ਦੀ ਸਮੂਹ ਪੰਚਾਇਤ, ਜਸਪਾਲ ਸ਼ਰਮਾ, ਦਲਜੀਤ ਸਿੰਘ, ਸਕੂਲ ਦਾ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।