ਮੁੰਬਈ, 10 ਦਸੰਬਰ,ਬੋਲੇ ਪੰਜਾਬ ਬਿਊਰੋ:
ਮੁੰਬਈ ਵਿਖੇ ਕੁਰਲਾ ਦੇ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਹਾਦਸਾ ਵਾਪਰਿਆ ਜਿਥੇ ਇਕ ਸਰਕਾਰੀ ਬੱਸ ਤੇਜ਼ ਰਫ਼ਤਾਰ ਨਾਲ ਗਲੀ ਵਿੱਚ ਦਾਖਲ ਹੋ ਗਈ। ਬੱਸ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਅਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਆਖਿਰਕਾਰ ਬੱਸ ਇਕ ਇਮਾਰਤ ਦੇ ਕਾਲਮ ਨਾਲ ਜਾ ਟਕਰਾਈ, ਪਰ ਇਸ ਦੌਰਾਨ ਇਮਾਰਤ ਦੀ ਬਾਊਂਡਰੀ ਵਾਲ ਢਹਿ ਗਈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ’ਚ ਹੜਕੰਪ ਮਚ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।
ਇਹ ਦੁਰਘਟਨਾ ਸੋਮਵਾਰ ਰਾਤ ਕਰੀਬ 9:50 ਵਜੇ ਮੁੰਬਈ ਦੇ ਪੱਛਮੀ ਕੁਰਲਾ ਇਲਾਕੇ ਦੇ ਐਸ. ਜੀ. ਬਾਰਵੇ ਰੋਡ ’ਤੇ ਅੰਜੁਮ-ਏ-ਇਸਲਾਮ ਸਕੂਲ ਦੇ ਨੇੜੇ ਵਾਪਰੀ। ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਇਸ ਭੀੜ-ਭਾੜ ਵਾਲੇ ਇਲਾਕੇ ਵਿੱਚ ਦਾਖਲ ਹੋ ਗਈ। ਬੱਸ ਨੇ ਕਰੀਬ 100 ਮੀਟਰ ਤੱਕ 30-40 ਵੱਖ-ਵੱਖ ਵਾਹਨਾਂ ਨੂੰ ਟੱਕਰ ਮਾਰੀ। ਇਸ ਹਾਦਸੇ ’ਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਕਈ ਵਾਹਨ ਨੁਕਸਾਨੇ ਗਏ। ਬੱਸ ਦੇ ਇੱਕ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਹਲਚਲ ਮਚ ਗਈ।
ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਤੇ ਅੱਗ ਬੁਝਾਊ ਟੀਮ ਵੀ ਮੌਕੇ ’ਤੇ ਪਹੁੰਚੀ। ਜ਼ਖਮੀਆਂ ਨੂੰ 108 ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਕੁਰਲਾ ਭਾਭਾ ਹਸਪਤਾਲ ਭੇਜਿਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਇਸ ਹਾਦਸੇ ’ਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 49 ਲੋਕ ਜ਼ਖਮੀ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।