ਕਾਰਪੋਰੇਸ਼ਨ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ ਬਸਪਾ : ਰਣਧੀਰ ਬੈਣੀਵਾਲ

ਪੰਜਾਬ

 

 ਸੂਬੇ ਦੀ ਸੱਤਾ ਵਿੱਚ ਮਜ਼ਬੂਤੀ ਨਾਲ ਉਭਰ ਕੇ ਲੋਕਾਂ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕਰੇਗੀ ਬਸਪਾ : ਡਾ. ਅਵਤਾਰ ਸਿੰਘ ਕਰੀਮਪੁਰੀ 

 ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ ਬਸਪਾ ਦੇ ਸੂਬਾ ਪੱਧਰੀ ਸੰਮੇਲਨ ਵਿੱਚ ਵੱਡਾ ਇਕੱਠ

 ਜਲੰਧਰ 9 ਦਸੰਬਰ ,ਬੋਲੇ ਪੰਜਾਬ ਬਿਊਰੋ :

ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸੰਮੇਲਨ ਕੀਤਾ ਗਿਆ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਏ ਇਸ ਵਿਸ਼ਾਲ ਸੰਮੇਲਨ ਵਿੱਚ ਪਾਰਟੀ ਦੇ ਪੰਜਾਬ-ਚੰਡੀਗੜ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ, ਵਿਪੁਲ ਕੁਮਾਰ ਤੇ ਸੂਬਾ ਇੰਚਾਰਜ ਡਾ. ਨਛੱਤਰ ਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਕੇਂਦਰ ਤੇ ਸੂਬੇ ਦੀ ਸੱਤਾ ਵਿੱਚ ਰਹੀਆਂ ਸਰਕਾਰਾਂ ਵੱਲੋਂ ਸਿੱਖਿਆ ਵਿਵਸਥਾ ਨੂੰ ਬਦਹਾਲ ਕੀਤੇ ਜਾਣ ਬਾਰੇ ਵਿਚਾਰ ਰੱਖੇ ਗਏ। ਨਾਲ ਹੀ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਵੀ ਨਿਰਦੇਸ਼ ਜਾਰੀ ਕੀਤੇ ਗਏ।

ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਪੰਜਾਬ-ਚੰਡੀਗੜ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਚੋਣਾਂ ਬਸਪਾ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਇਹ ਚੋਣਾਂ ਬਸਪਾ ਮਜ਼ਬੂਤੀ ਨਾਲ ਲੜੇਗੀ ਤੇ ਚੰਗੇ ਚੋਣ ਨਤੀਜੇ ਦੇਵੇਗੀ। ਬਸਪਾ ਦੇ ਪੰਜਾਬ-ਚੰਡੀਗੜ ਦੇ ਇੰਚਾਰਜ ਵਿਪੁਲ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਵਰਕਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਡਟਨ ਲਈ ਕਿਹਾ।

ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਿੱਖਿਆ ਰਾਸ਼ਟਰ ਨਿਰਮਾਣ ਦਾ ਜ਼ਰੀਆ ਹੈ। ਪਰ ਕੇਂਦਰ ਦੀ ਸੱਤਾ ਵਿੱਚ ਰਹੀਆਂ ਭਾਜਪਾ-ਕਾਂਗਰਸ ਸਰਕਾਰਾਂ ਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਸਰਕਾਰ ਨੇ ਮਾੜੀਆਂ ਨੀਤੀਆਂ ਲਾਗੂ ਕਰਕੇ ਬੱਚਿਆਂ ਤੋਂ ਸਿੱਖਿਆ ਖੋਹਣ ਦਾ ਕੰਮ ਕੀਤਾ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਲੋਕਾਂ ਨੂੰ ਸਿੱਖਿਆ-ਨੌਕਰੀਆਂ ਦੇ ਕੇ ਪੈਰਾਂ ’ਤੇ ਖੜੇ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਬਦਹਾਲ ਬਣਾ ਕੇ ਕਣਕ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਵਿੱਚ ਮਜ਼ਬੂਤੀ ਨਾਲ ਉਭਰੇਗੀ ਅਤੇ ਸੂਬੇ ਦੀ ਸੱਤਾ ਹਾਸਲ ਕਰਕੇ ਲੋਕਾਂ ਨੂੰ ਮਾੜੇ ਹਾਲਾਤਾਂ ਵਿਚੋਂ ਬਾਹਰ ਕੱਢੇਗੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕਰੇਗੀ।

ਬਸਪਾ ਸੂਬਾ ਇੰਚਾਰਜ ਤੇ ਵਿਧਾਇਕ ਡਾ. ਨਛੱਤਰ ਪਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹ ਵਿਧਾਨਸਭਾ ਵਿੱਚ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਦੇ ਮੁੱਦੇ ਚੁੱਕਦੇ ਆ ਰਹੇ ਹਨ ਤੇ ਅੱਗੇ ਵੀ ਇਹ ਯਤਨ ਜਾਰੀ ਰਹਿਣਗੇ। ਇਸ ਸੈਮੀਨਾਰ ਦੌਰਾਨ ਮੰਚ ਦਾ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ।

ਇਸ ਮੌਕੇ ਉਘੇ ਸਮਾਜ ਸੇਵਕ ਠੇਕੇਦਾਰ ਭਗਵਾਨ ਦਾਸ ਸਿੱਧੂ, ਮੋਹਨ ਲਾਲ ਭਟੋਆ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਰਸਮੀ ਤੌਰ ’ਤੇ ਬਸਪਾ ਵਿੱਚ ਸ਼ਾਮਲ ਹੋਏ। ਬਸਪਾ ਲੀਡਰਸ਼ਿਪ ਨੇ ਸਿਰੋਪਾ ਦੇ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ। ਬਸਪਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਬਸਪਾ ਵਿੱਚ ਸ਼ਾਮਲ ਹੋਣਗੀਆਂ।

ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਹਿਰਾ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਭਗਵਾਨ ਸਿੰਘ ਚੌਹਾਨ, ਚੌਧਰੀ ਗੁਰਨਾਮ ਸਿੰਘ, ਗੁਰਲਾਲ ਸੈਲਾ, ਦਵਿੰਦਰ ਸਿੰਘ ਰਾਮਗੜੀਆ, ਤਰਸੇਮ ਥਾਪਰ, ਬਲਦੇਵ ਮਹਿਰਾ, ਤੀਰਥ ਰਾਜਪੁਰਾ, ਪ੍ਰਵੀਨ ਬੰਗਾ, ਸੁਖਦੇਵ ਬਿੱਟਾ, ਇੰਜ. ਜਸਵੰਤ ਰਾਏ, ਜਗਦੀਸ਼ ਸ਼ੇਰਪੁਰੀ, ਜਗਦੀਸ਼ ਦੀਸ਼ਾ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਜੋਗਾ ਸਿੰਘ ਪਨੌਧੀਆ, ਸੰਤ ਰਾਮ ਮੱਲੀਆਂ, ਰਿਟਾ. ਅਧਿਕਾਰੀ ਉਂਕਾਰ ਨਾਥ, ਰਿਟਾ. ਆਈਏਐਸ ਅਧਿਕਾਰੀ ਚੌਧਰੀ ਖੁਸ਼ੀ ਰਾਮ ਆਦਿ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਆਗੂ, ਵਰਕਰ ਤੇ ਬੁੱਧੀਜੀਵੀ ਮੌਜ਼ੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।