ਲੁਧਿਆਣਾ, 9 ਦਸੰਬਰ,ਬੋਲੇ ਪੰਜਾਬ ਬਿਊਰੋ :
ਥਾਣਾ ਜੋਧੇਵਾਲ ਦੀ ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਨੀਤਾ ਕੌਰ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਕਾਕੋਵਾਲ ਰੋਡ ‘ਤੇ ਮੌਜੂਦ ਸੀ। ਇਸ ਦੌਰਾਨ ਵਿਸ਼ੇਸ਼ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਦੋ ਔਰਤਾਂ ਆਪਣੇ ਘਰ ਦੇ ਬਾਹਰ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀਆਂ ਸਨ।
ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਾਵਾ ਕਾਲੋਨੀ ‘ਚ ਛਾਪੇਮਾਰੀ ਕੀਤੀ। ਇੱਥੇ ਪੁਲੀਸ ਨੇ ਮਹਿਲਾ ਨਸ਼ਾ ਤਸਕਰ ਸੋਨਾ ਪਤਨੀ ਸੋਢੀ ਰਾਮ ਅਤੇ ਸਿੰਮੀ ਪੁੱਤਰੀ ਭੁਪਿੰਦਰ ਲਾਲ ਵਾਸੀ ਵਾਵਾ ਕਲੋਨੀ ਕਾਕੋਵਾਲ ਨੂੰ 105 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਮਹਿਲਾ ਨਸ਼ਾ ਤਸਕਰਾਂ ਖਿਲਾਫ ਥਾਣਾ ਜੋਧੇਵਾਲ ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।