ਫਗਵਾੜਾ, 9 ਦਸੰਬਰ,ਬੋਲੇ ਪੰਜਾਬ ਬਿਊਰੋ :
ਫਗਵਾੜਾ ਵਿੱਚ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ (ਨੇੜੇ ਸ਼ਿਵ ਮੰਦਰ ਤਾਲਾਬ ਅਰੋੜਿਆਂ) ਵਿੱਚ ਇੱਕ ਤੋਂ ਬਾਅਦ ਇੱਕ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ। ਇਸ ਦੌਰਾਨ ਗਊਸ਼ਾਲਾ ਵਿੱਚ 10 ਗਾਵਾਂ ਦੀ ਮੌਤ ਹੋ ਗਈ ਹੈ। ਗਊਸ਼ਾਲਾ ਵਿੱਚ ਮੌਜੂਦ ਕਈ ਹੋਰ ਗਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਗਊਆਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸ ਅਣਸੁਖਾਵੀਂ ਘਟਨਾ ਤੋਂ ਬਾਅਦ ਫਗਵਾੜਾ ਦੇ ਮੇਹਲੀ ਗੇਟ ਸਮੇਤ ਪੂਰੇ ਸ਼ਹਿਰ ‘ਚ ਹਿੰਦੂ ਸੰਗਠਨਾਂ ਸਮੇਤ ਲੋਕਾਂ ‘ਚ ਭਾਰੀ ਗੁੱਸੇ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵੱਡੀ ਗਿਣਤੀ ‘ਚ ਫਗਵਾੜਾ ਵਾਸੀ ਸੋਸ਼ਲ ਮੀਡੀਆ ‘ਤੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।