ਜੱਜ ਦੇ ਰੀਡਰ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ

ਨੈਸ਼ਨਲ

ਕੈਥਲ, 08 ਦਸੰਬਰ,ਬੋਲੇ ਪੰਜਾਬ ਬਿਊਰੋ :

ਜ਼ਿਲੇ ਦੇ ਸ਼ਾਹਬਾਦ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਯਾਰਾ ‘ਚ ਰਹਿਣ ਵਾਲੇ ਕੁਰੂਕਸ਼ੇਤਰ ਜੱਜ ਦੇ ਇੱਥੇ ਰੀਡਰ, ਉਨ੍ਹਾਂ ਦੀ ਪਤਨੀ, ਬੇਟੇ ਅਤੇ ਨੂੰਹ ਦਾ ਸ਼ਨੀਵਾਰ ਰਾਤ ਨੂੰ ਘਰ ‘ਚ ਦਾਖਲ ਹੋਏ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ, ਜਦਕਿ ਉਨ੍ਹਾਂ ਦੇ 13 ਸਾਲਾ ਪੋਤਾ ਗੰਭੀਰ ਜ਼ਖਮੀ ਹੈ। ਸਾਰਿਆਂ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ। ਘਟਨਾ ਦਾ ਪਤਾ ਐਤਵਾਰ ਨੂੰ ਉਸ ਸਮੇਂ ਲੱਗਾ ਜਦੋਂ ਗੁਆਂਢੀ ਗੇਟ ਤੋੜ ਕੇ ਅੰਦਰ ਗਏ, ਜਿੱਥੇ ਲਾਸ਼ਾਂ ਦੇਖ ਕੇ ਹੈਰਾਨ ਰਹਿ ਗਏ। ਪੁਲਿਸ ਨੇ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਾਹਬਾਦ ਦੇ ਪਿੰਡ ਯਾਰਾ ਦੇ ਰਹਿਣ ਵਾਲੇ ਨਾਇਬ ਸਿੰਘ ਕੁਰੂਕਸ਼ੇਤਰ ਦੇ ਜੱਜ ਕੋਲ ਰੀਡਰ ਸਨ ਅਤੇ ਪਤਨੀ, ਬੇਟੇ, ਨੂੰਹ ਅਤੇ ਪੋਤੇ ਨਾਲ ਰਹਿੰਦੇ ਸੀ। ਬੀਤੀ ਰਾਤ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਸ਼ਾਹਬਾਦ ਕੋਰਟ ‘ਚ ਕੰਮ ਕਰਦੇ ਨਾਇਬ ਸਿੰਘ, ਉਨ੍ਹਾਂ ਦੀ ਪਤਨੀ ਇਮਰਿਤ ਕੌਰ, ਬੇਟੇ ਦੁਸ਼ਯੰਤ, ਨੂੰਹ ਅੰਮ੍ਰਿਤ ਕੌਰ ਅਤੇ 13 ਸਾਲਾ ਪੋਤੇ ਕੇਸ਼ਵ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਲਹੂ-ਲੁਹਾਨ ਹਾਲਤ ‘ਚ ਛੱਡ ਕੇ ਫ਼ਰਾਰ ਹੋ ਗਏ।ਹਰ ਰੋਜ਼ ਦੀ ਤਰ੍ਹਾਂ ਐਤਵਾਰ ਸਵੇਰੇ ਜਦੋਂ ਨਾਇਬ ਸਿੰਘ ਦੇ ਘਰੋਂ ਕੋਈ ਹਿਲਜੁਲ ਨਾ ਹੋਈ ਅਤੇ ਉਹ ਬਾਹਰ ਨਾ ਆਇਆ ਤਾਂ ਗੁਆਂਢੀਆਂ ਨੇ ਗੇਟ ਖੜਕਾਇਆ। ਜਦੋਂ ਕੋਈ ਆਵਾਜ਼ ਨਾ ਆਈ ਤਾਂ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਗੇਟ ਤੋੜ ਕੇ ਅੰਦਰ ਚਲੇ ਗਏ, ਜਿੱਥੇ ਨਾਇਬ ਸਿੰਘ ਅਤੇ ਉਸਦੀ ਪਤਨੀ ਲਹੂ-ਲੁਹਾਨ ਹਾਲਤ ਵਿਚ ਪਈਆਂ ਸਨ। ਜਦੋਂਕਿ ਪਹਿਲੀ ਮੰਜ਼ਿਲ ‘ਚ ਪੁੱਤਰ ਦੁਸ਼ਯੰਤ ਅਤੇ ਨੂੰਹ ਅੰਮ੍ਰਿਤ ਕੌਰ ਦੇ ਨਾਲ ਪੋਤਰਾ ਕੇਸ਼ਵ ਵੀ ਖੂਨ ਨਾਲ ਲੱਥਪੱਥ ਹਾਲਤ ‘ਚ ਪਿਆ ਸੀ। ਘਟਨਾ ਨੂੰ ਦੇਖਦੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੇਟੇ, ਨੂੰਹ ਅਤੇ ਪੋਤੇ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ, ਜਿੱਥੇ ਬੇਟੇ ਅਤੇ ਨੂੰਹ ਦੀ ਵੀ ਮੌਤ ਹੋ ਗਈ। ਜਦਕਿ ਪੋਤੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੇ ਕਤਲ ਕਾਰਨ ਸਥਾਨਕ ਲੋਕ ਦਹਿਸ਼ਤ ਵਿੱਚ ਹਨ। ਪੁਲਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਾਹਬਾਦ ਥਾਣੇ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਗਲੇ ਵੱਢਣ ਦੇ ਨਿਸ਼ਾਨ ਮਿਲੇ ਹਨ। ਜਦੋਂਕਿ ਔਰਤ ਦੇ ਗਲੇ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਫੋਰੈਂਸਿਕ ਟੀਮ ਮੌਕੇ ‘ਤੇ ਜਾਂਚ ‘ਚ ਲੱਗੀ ਹੋਈ ਹੈ। ਘਟਨਾ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਪਾਸਵਰਡ ਦਾ ਪਤਾ ਲਗਾਇਆ ਜਾ ਰਿਹਾ ਹੈ। ਫੁਟੇਜ ਤੋਂ ਅਹਿਮ ਸੁਰਾਗ ਮਿਲ ਸਕਦੇ ਹਨ। ਫਿਲਹਾਲ ਘਰ ‘ਚੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਰਿਪੋਰਟ ‘ਚ ਸਭ ਕੁਝ ਸਪੱਸ਼ਟ ਹੋ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।