ਚੰਡੀਗੜ੍ਹ 8 ਦਸੰਬਰ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਪੁਲੀਸ ਨੇ ਸੈਕਟਰ-52 ਸਥਿਤ ਚਾਰ ਹੋਟਲਾਂ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਹੋਟਲਾਂ ਵਿੱਚ ਗਾਹਕਾਂ ਦੇ ਐਂਟਰੀ ਰਜਿਸਟਰ ਅਤੇ ਆਈਡੀ ਪਰੂਫ ਸਹੀ ਨਹੀਂ ਪਾਏ ਗਏ। ਇਸ ਤੋਂ ਇਲਾਵਾ ਡੀਐਮ, ਯੂਟੀ ਚੰਡੀਗੜ੍ਹ ਦੇ ਹੁਕਮਾਂ ਦੀ ਵੀ ਅਣਦੇਖੀ ਕੀਤੀ ਗਈ।ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚ ਦੋਆਬਾ ਹੋਟਲ ਦੇ ਮੈਨੇਜਰ ਮਨਦੀਪ ਸਿੰਘ, ਡਰੀਮ ਟਾਊਨ ਹੋਟਲ ਦੇ ਮੈਨੇਜਰ ਨੈਨ ਸਿੰਘ, ਨਿਊ ਗ੍ਰੈਂਡ ਹੋਟਲ ਦੇ ਮੈਨੇਜਰ ਬਾਣੀ ਅਤੇ ਬਲੂ ਮੂਨ ਹੋਟਲ ਦੇ ਮੈਨੇਜਰ ਬਜਰੰਗੀ ਵਰਮਾ ਸ਼ਾਮਲ ਹਨ। ਇਨ੍ਹਾਂ ਹੋਟਲਾਂ ਦੇ ਐਂਟਰੀ ਰਜਿਸਟਰ ਅਤੇ ਆਈਡੀ ਪਰੂਫ਼ ਵਿੱਚ ਬੇਨਿਯਮੀਆਂ ਪਾਏ ਜਾਣ ’ਤੇ ਪੁਲੀਸ ਨੇ ਕਾਰਵਾਈ ਕੀਤੀ। ਮਨਦੀਪ ਸਿੰਘ ਕਜਹੇੜੀ ਪਿੰਡ ਦਾ ਵਸਨੀਕ ਹੈ, ਨੈਨ ਸਿੰਘ ਕਜਹੇੜੀ ਸੈਕਟਰ 52 ਦਾ ਵਸਨੀਕ ਹੈ, ਬਾਣੀ ਕ੍ਰਿਸ਼ਨਾ ਨਗਰ ਸ਼ਿਮਲਾ ਦਾ ਵਸਨੀਕ ਹੈ ਅਤੇ ਬਜਰੰਗੀ ਵਰਮਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦਾ ਵਸਨੀਕ ਹੈ।