ਪਾਈਟੈਕਸ ’ਚ ਪੰਜਾਬ ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈਸ ਕਨਕਲੇਵ ਦਾ ਆਯੋਜਨ
ਸਰਕਾਰੀ ਹਸਪਤਾਲਾਂ ਨੂੰ ਅਡਾਪਟ ਕਰਨ ਫਾਰਮਾ ਕੰਪਨੀਆਂ : ਬਲਬੀਰ ਸਿੰਘ
ਅੰਮ੍ਰਿਤਸਰ 7 ਦਸੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਫਾਰਮਾਸਿਊਟੀਕਲ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਰਕਾਰੀ ਹਸਪਤਾਲਾਂ ਨੂੰ ਅਡਾਪਟ ਕਰਕੇ ਆਪਣੀਆਂ ਸੇਵਾਵਾਂ ਦਾ ਦਾਇਰਾ ਵਧਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਸਿਹਤ ਮੰਤਰੀ ਅੰਮ੍ਰਿਤਸਰ ਵਿਖੇ ਚੱਲ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੌਰਾਨ ਸ਼ਨੀਵਾਰ ਨੂੰ ਆਯੋਜਿਤ ਪੰਜਾਬ ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈਸ ਕਨਕਲੇਵ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਫਾਰਮਾ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚ ਆਪਣਾ ਉਤਪਾਦਨ ਵਧਾਉਣ। ਸੂਬਾ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕੰਪਨੀਆਂ ਨੂੰ ਵਿਸ਼ਵ ਪੱਧਰੀ ਉਤਪਾਦ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿਹਤ ਖੇਤਰ ਵਿੱਚ ਵਿਸ਼ਵ ਪੱਧਰੀ ਉਪਕਰਨ ਮਿਲਣ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਵੇਗਾ।
ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਿਸ ਕਾਰਨ ਪਿਛਲੇ 30 ਮਹੀਨਿਆਂ ਵਿੱਚ 872 ਨਵੇਂ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਬਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ 72 ਲੱਖ ਤੋਂ ਵੱਧ ਟੈਸਟ ਮੁਫ਼ਤ ਕੀਤੇ ਜਾ ਚੁੱਕੇ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਕਿਉਂਕਿ ਆਮ ਆਦਮੀ ਕਲੀਨਿਕ ਵਿੱਚ ਲਗਭਗ 2 ਕਰੋੜ ਲੋਕ ਇਲਾਜ ਕਰਵਾ ਚੁੱਕੇ ਹਨ। ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਪਸਾਰ ਦਾ ਐਲਾਨ ਕਰਦਿਆਂ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਸਰਕਾਰ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ। ਸਿਹਤ ਵਿਭਾਗ ਵਿੱਚ 1900 ਭਰਤੀਆਂ ਕੀਤੀਆਂ ਗਈਆਂ ਹਨ। ਸੂਬੇ ਵਿੱਚ 1390 ਡਾਕਟਰਾਂ ਦੀ ਨਵੀਂ ਭਰਤੀ ਪ੍ਰਕਿਰਿਆ ਅਧੀਨ ਹੈ। 400 ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਇਸ ਮੌਕੇ ’ਤੇ ਬੋਲਦਿਆਂ ਪੀਐਚਡੀਸੀਸੀਆਈ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਕਿਹਾ ਕਿ ਚੈਂਬਰ ਦਾ ਇਸ ਸਮਾਗਮ ਦੌਰਾਨ ਇਹ ਪਹਿਲਾ ਯਤਨ ਹੈ। ਆਉਣ ਵਾਲੇ ਸਮੇਂ ਵਿੱਚ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਪੀਐਚਡੀਸੀਸੀਆਈ ਖੇਤਰੀ ਫਾਰਮਾਸਿਊਟੀਕਲ ਹੈਲਥ ਐਂਡ ਵੈਲਨੈਸ ਕਮੇਟੀ ਦੇ ਕਨਵੀਨਰ ਸੁਪ੍ਰੀਤ ਸਿੰਘ, ਪੀਐਚਡੀਸੀਸੀਆਈ ਦੀ ਖੇਤਰੀ ਡਾਇਰੈਕਟਰ ਭਾਰਤੀ ਸੂਦ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।