ਮੋਗਾ, 7 ਦਸੰਬਰ,ਬੋਲੇ ਪੰਜਾਬ ਬਿਊਰੋ :
ਮੋਗਾ ਵਿੱਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਤੋਂ ਆਏ ਲਾੜੇ ਦੀ ਬਰਾਤ , ਲਾੜ੍ਹੀ ਦੇ ਅਚਾਨਕ ਗਾਇਬ ਹੋ ਜਾਣ ਕਾਰਨ, ਬਿਨਾ ਵਿਆਹ ਤੋਂ ਹੀ ਵਾਪਸ ਮੁੜ ਗਈ। ਲਾੜੀ ਨੇ ਆਪਣਾ ਮੋਬਾਇਲ ਬੰਦ ਕਰ ਲਿਆ ਅਤੇ ਗਾਇਬ ਹੋ ਗਈ। ਇਸ ਮਾਮਲੇ ’ਤੇ ਥਾਣਾ ਸਿਟੀ ਸਾਊਥ ਵਿੱਚ FIR ਦਰਜ ਕੀਤੀ ਗਈ ਹੈ।
ਲਾੜੇ ਦੀਪਕ ਨੇ ਦੱਸਿਆ ਕਿ ਉਹ ਦੁਬਈ ਵਿੱਚ ਰਹਿੰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਹੈ। ਉਸ ਦੀ ਗੱਲਬਾਤ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ, ਨਿਵਾਸੀ ਕੋਟ ਮੁਹੱਲਾ ਮੋਗਾ ਨਾਲ ਇੰਸਟਾਗ੍ਰਾਮ ਦੇ ਜਰੀਏ ਚਾਰ ਸਾਲ ਪਹਿਲਾਂ ਹੋਈ ਸੀ। ਹੌਲੀ-ਹੌਲੀ ਇਹ ਪਛਾਣ ਪਿਆਰ ਵਿੱਚ ਬਦਲ ਗਈ ਅਤੇ ਵਿਆਹ ਦੀ ਗੱਲ ਫਾਇਨਲ ਹੋਈ। ਮਨਪ੍ਰੀਤ ਨੇ ਪਹਿਲਾਂ 2 ਦਸੰਬਰ 2024 ਨੂੰ ਵਿਆਹ ਦੀ ਮਿਤੀ ਤੈਅ ਕੀਤੀ, ਪਰ ਫਿਰ ਕਿਹਾ ਕਿ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੈ ਅਤੇ ਵਿਆਹ 6 ਦਸੰਬਰ ਨੂੰ ਹੋਵੇਗਾ।
ਲਾੜੇ ਦੇ ਮਤਾਬਕ, ਕੱਲ੍ਹ ਸਵੇਰੇ ਉਸ ਨੇ ਮਨਪ੍ਰੀਤ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਬਾਰਾਤ ਰੋਜ਼ ਗਾਰਡਨ ਗੀਤਾ ਭਵਨ ਦੇ ਨੇੜੇ ਲਿਆਉ। ਜਦੋਂ ਦੀਪਕ ਮੋਗਾ ਪਹੁੰਚਿਆ ਤਾਂ ਉਸ ਨੇ ਫੋਨ ਕੀਤਾ, ਪਰ ਲਾੜੀ ਨੇ ਫੋਨ ਕੱਟ ਦਿੱਤਾ ਅਤੇ ਬਾਅਦ ਵਿੱਚ ਮੋਬਾਇਲ ਬੰਦ ਕਰ ਲਿਆ। ਖੋਜ ਕਰਨ ’ਤੇ ਪਤਾ ਲੱਗਿਆ ਕਿ ਰੋਜ਼ ਗਾਰਡਨ ਨਾਂ ਦਾ ਕੋਈ ਪੈਲਸ ਮੋਗਾ ਵਿੱਚ ਹੈ ਹੀ ਨਹੀਂ।
ਲਾੜੇ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਧੋਖਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਵਿਆਹ ਦੀ ਤਿਆਰੀ ਲਈ ਮਨਪ੍ਰੀਤ ਨੂੰ 50-60 ਹਜ਼ਾਰ ਰੁਪਏ ਭੇਜੇ ਸਨ। ਉਸ ਨੇ ਪੁਲਿਸ ਤੋਂ ਮਨਪ੍ਰੀਤ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Robin Singh