ਜਲੰਧਰ, 6 ਦਸੰਬਰ,ਬੋਲੇ ਪੰਜਾਬ ਬਿਊਰੋ ;
ਮਹਾਨਗਰ ਦੇ ਬਾਬੂਲਾਲ ਸਿੰਘ ਨਗਰ ਨਾਲ ਲਗਦੇ ਇਲਾਕੇ ਰਾਜ ਨਗਰ ਵਿੱਚ ਇੱਕ ਘਰ ਵਿੱਚ ਸਵੇਰੇ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਘਰ ਵਿੱਚ ਸਿਲੰਡਰ ਦੇ ਬਲਾਸਟ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਨੇੜਲੇ ਲੋਕਾਂ ਨੇ ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੇ ਯਤਨਾਂ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਜੁਟ ਗਏ। ਇਸ ਭਿਆਨਕ ਅੱਗ ਵਿੱਚ ਫਾਇਰ ਬ੍ਰਿਗੇਡ ਦੇ 2 ਕਰਮਚਾਰੀ ਵੀ ਝੁਲਸ ਗਏ। ਘਟਨਾ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਮਨਦੀਪ ਸਿੰਘ ਅਤੇ ਅਭੀ ਗਿਲ ਦਾ ਚਿਹਰਾ ਝੁਲਸ ਗਿਆ, ਜਿਨ੍ਹਾਂ ਨੂੰ ਇਲਾਜ ਲਈ ਪਸਰਿਚਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਘਰ ਵਿੱਚ ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਘਰ ਵਿੱਚ ਖਿਲ਼ੌਣਿਆਂ ਦਾ ਸਮਾਨ ਪਿਆ ਹੋਇਆ ਸੀ। ਇਸ ਘਟਨਾ ਵਿੱਚ ਸਮਾਨ ਜਲ ਕੇ ਰਾਖ ਹੋ ਗਿਆ।